#OTHERS

ਭਾਰਤ-ਪਾਕਿ ਬਟਵਾਰੇ ਦੇ 77 ਸਾਲ ਬਾਅਦ ਗੁਰਦੁਆਰੇ ਨੂੰ ਵਾਪਸ ਮਿਲੀ ਜ਼ਮੀਨ

ਗੁਰਦਾਸਪੁਰ/ਸਿਆਲਕੋਟ, 15 ਜੁਲਾਈ (ਪੰਜਾਬ ਮੇਲ)- ਸਿਆਲਕੋਟ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਫਰਵਾਲ ਰੋਡ ‘ਤੇ ਸਥਿਤ ਇਤਿਹਾਸਕ ਗੁਰਦੁਆਰਾ ਬਾਬਾ ਦੀ ਬੇਰੀ ਦੇ ਨਾਲ ਲੱਗਦੇ ਛੱਪੜ ਅਤੇ ਜ਼ਮੀਨ ਨੂੰ 77 ਸਾਲਾਂ ਬਾਅਦ ਮੁੜ ਤੋਂ ਕਬਜ਼ੇ ‘ਚ ਲੈ ਲਿਆ ਹੈ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਹ ਜ਼ਮੀਨ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਹੀ ਇਕ ਪ੍ਰਭਾਵਸ਼ਾਲੀ ਹਿਜੜਾ ਪਰਿਵਾਰ ਨੇ ਆਪਣੇ ਕਬਜ਼ੇ ਵਿਚ ਲੈ ਲਈ ਸੀ। ਜ਼ਿਲ੍ਹਾ ਪ੍ਰਸ਼ਾਸਨ, ਨਗਰ ਪਾਲਿਕਾ, ਮਾਲ ਵਿਭਾਗ ਅਤੇ ਪੁਲਿਸ ਨੇ ਕਬਜ਼ਿਆਂ ਖ਼ਿਲਾਫ਼ ਸਾਂਝੀ ਮੁਹਿੰਮ ਚਲਾਈ।
ਸੂਤਰਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਮਾਲ ਮੁਹੰਮਦ ਇਕਬਾਲ ਨੇ ਉਕਤ ਜ਼ਮੀਨ ‘ਤੇ ਪ੍ਰਭਾਵਸ਼ਾਲੀ ਪਰਿਵਾਰ ਨੇ ਪਸ਼ੂ ਫਾਰਮ ਅਤੇ ਦੁਕਾਨਾਂ ਬਣਾ ਲਈਆਂ ਸਨ, ਜਦਕਿ ਇਕ ਸਿਆਸੀ ਪਾਰਟੀ ਨੇ ਆਪਣਾ ਦਫ਼ਤਰ ਬਣਾਇਆ ਹੋਇਆ ਸੀ ਅਤੇ ਸਥਾਨਕ ਲੋਕਾਂ ਨੇ ਸਿੱਖ ਭਾਈਚਾਰੇ ਦੀ ਜ਼ਮੀਨ ‘ਤੇ ਕੁਝ ਘਰ ਵੀ ਬਣਾਏ ਹੋਏ ਸਨ।
ਵਿਸ਼ੇਸ਼ ਟੀਮ ਨੇ ਜ਼ਮੀਨ ‘ਤੇ ਸਥਾਪਤ ਦੁਕਾਨਾਂ, ਸਿਆਸੀ ਪਾਰਟੀ ਦੇ ਦਫ਼ਤਰ ਅਤੇ ਪਸ਼ੂ ਪਾਲਕਾਂ ਨੂੰ ਢਾਹ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਦੇ ਬੁਲਾਰੇ ਸਈਅਦ ਵਕਾਰ ਜਾਵੇਦ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਦੁਆਰੇ ਦੀ ਅੱਠ ਕਨਾਲਾਂ ਅਤੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਸਿੱਖ ਕੌਮ ਦੀ 18 ਮਰਲੇ ਜ਼ਮੀਨ ‘ਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ ਅਤੇ ਛੱਪੜ ਦਾ ਨਿਰਮਾਣ ਕਰਵਾਇਆ ਸੀ।
ਉਨ੍ਹਾਂ ਦੱਸਿਆ ਕਿ 1947 ‘ਚ ਭਾਰਤ ਦੀ ਵੰਡ ਤੋਂ ਬਾਅਦ ਇਸ ਛੱਪੜ ਨੂੰ ਬੰਦ ਕਰ ਦਿੱਤਾ ਗਿਆ ਅਤੇ ਬਾਅਦ ਵਿਚ ਸਥਾਨਕ ਲੋਕਾਂ ਨੇ ਇਸ ਦੀ ਜ਼ਮੀਨ ‘ਤੇ ਕਬਜ਼ਾ ਕਰ ਲਿਆ। ਮੁਹੰਮਦ ਇਕਬਾਲ ਨੇ ਦੱਸਿਆ ਕਿ ਮਾਫੀਆ ਤੋਂ ਮੁਕਤ ਕਰਵਾਈ ਗਈ ਜ਼ਮੀਨ ਔਕਾਫ ਵਿਭਾਗ ਨੂੰ ਸੌਂਪ ਦਿੱਤੀ ਜਾਵੇਗੀ, ਜੋ ਅੱਗੇ ਇਸ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਹਵਾਲੇ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ਿਆਂ ‘ਚ ਸ਼ਾਮਲ ਪਾਏ ਜਾਣ ਵਾਲੇ ਔਕਾਫ਼ ਵਿਭਾਗ ਦੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਮੀਨ ਸੌਂਪਣ ਲਈ ਸਿੱਖ ਭਾਈਚਾਰੇ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।