#INDIA

ਭਾਰਤ ਨੇ ਟੈਰਿਫ ਦਾ ਮਾਮਲਾ ਡਬਲਯੂ.ਟੀ.ਓ. ‘ਚ ਉਠਾਇਆ

ਭਾਰਤ-ਅਮਰੀਕਾ ਵਪਾਰ ਸਮਝੌਤਾ 9 ਤੋਂ ਪਹਿਲਾਂ ਹੋਣ ਦੇ ਆਸਾਰ,
ਖੇਤੀਬਾੜੀ, ਆਟੋ ਸੈਕਟਰਾਂ ‘ਚ ਹਾਲੇ ਵੀ ਲਟਕ ਰਹੇ ਨੇ ਕੁਝ ਮੁੱਦੇ; ਲਟਕਦੇ ਮੁੱਦਿਆਂ ‘ਤੇ ਗੱਲਬਾਤ ਰਹੇਗੀ ਜਾਰੀ
ਨਵੀਂ ਦਿੱਲੀ, 4 ਜੁਲਾਈ (ਪੰਜਾਬ ਮੇਲ)- ਭਾਰਤ ਅਤੇ ਅਮਰੀਕਾ ਦਰਮਿਆਨ ਇੱਕ ਅੰਤਰਿਮ ਵਪਾਰ ਸਮਝੌਤੇ ‘ਤੇ ਗੱਲਬਾਤ ਕਰਨ ਪਿੱਛੋਂ ਇੱਕ ਭਾਰਤੀ ਟੀਮ ਵਾਸ਼ਿੰਗਟਨ ਤੋਂ ਵਤਨ ਪਰਤ ਆਈ ਹੈ। ਇਸ ਦੇ ਮੱਦੇਨਜ਼ਰ ਇਸ ਤਜਾਰਤੀ ਇਕਰਾਰਨਾਮੇ ਨੂੰ 9 ਜੁਲਾਈ ਤੋਂ ਪਹਿਲਾਂ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਤਾਂ ਵੀ ਹਾਲੇ ਚਰਚਾ ਜਾਰੀ ਰਹੇਗੀ ਕਿਉਂਕਿ ਖੇਤੀਬਾੜੀ ਅਤੇ ਆਟੋ ਸੈਕਟਰਾਂ ਵਿਚ ਕੁਝ ਮੁੱਦਿਆਂ ਨੂੰ ਅਜੇ ਵੀ ਹੱਲ ਕਰਨ ਦੀ ਲੋੜ ਹੈ।
ਭਾਰਤੀ ਟੀਮ ਦੀ ਅਗਵਾਈ ਮੁੱਖ ਵਾਰਤਾਕਾਰ ਰਾਜੇਸ਼ ਅਗਰਵਾਲ ਕਰ ਰਹੇ ਹਨ। ਉਹ ਵਣਜ ਵਿਭਾਗ ਵਿਚ ਵਿਸ਼ੇਸ਼ ਸਕੱਤਰ ਹਨ। ਅਧਿਕਾਰੀ ਨੇ ਕਿਹਾ ਕਿ ਗੱਲਬਾਤ ਆਖਰੀ ਪੜਾਅ ਵਿਚ ਹੈ ਅਤੇ ਇਸ ਦੇ ਸਿੱਟੇ ਦਾ ਐਲਾਨ 9 ਜੁਲਾਈ ਤੋਂ ਪਹਿਲਾਂ ਹੋਣ ਦੀ ਉਮੀਦ ਹੈ, ਜੋ ਕਿ ਭਾਰਤ ਸਮੇਤ ਦਰਜਨਾਂ ਦੇਸ਼ਾਂ ‘ਤੇ ਲਗਾਏ ਗਏ ਟਰੰਪ ਟੈਰਿਫ ਦੀ 90 ਦਿਨਾਂ ਦੀ ਮੁਅੱਤਲੀ ਦੀ ਮਿਆਦ ਦੇ ਅੰਤ ਨੂੰ ਵੀ ਦਰਸਾਉਂਦਾ ਹੈ।
ਅਧਿਕਾਰੀ ਨੇ ਕਿਹਾ ਕਿ ਭਾਰਤੀ ਟੀਮ ਵਾਸ਼ਿੰਗਟਨ ਤੋਂ ਵਾਪਸ ਆ ਗਈ ਹੈ। ਗੱਲਬਾਤ ਜਾਰੀ ਰਹੇਗੀ। ਖੇਤੀਬਾੜੀ ਅਤੇ ਆਟੋ ਸੈਕਟਰਾਂ ਵਿਚ ਕੁਝ ਮੁੱਦੇ ਹੱਲ ਕਰਨ ਦੀ ਲੋੜ ਹੈ। ਭਾਰਤ ਨੇ ਆਟੋ ਸੈਕਟਰਾਂ ਵਿਚ 25 ਫ਼ੀਸਦੀ ਡਿਊਟੀ ਤੋਂ ਵੱਧ ਦਾ ਮੁੱਦਾ ਉਠਾਇਆ ਹੈ। ਇਸਨੇ ਇਹ ਮਾਮਲਾ ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ਦੀ ਸੁਰੱਖਿਆ ਕਮੇਟੀ ਵਿੱਚ ਵੀ ਚੁੱਕਿਆ ਹੈ।
ਭਾਰਤ ਨੇ ਸ਼ੁੱਕਰਵਾਰ ਨੂੰ ਸੁਰੱਖਿਆ ਉਪਾਵਾਂ ਦੇ ਨਾਮ ‘ਤੇ ਆਟੋਮੋਬਾਈਲ ਸੈਕਟਰ ‘ਤੇ ਅਮਰੀਕੀ ਟੈਰਿਫਾਂ ‘ਤੇ ਅਮਰੀਕਾ ਵਿਰੁੱਧ ਵਿਸ਼ਵ ਵਪਾਰ ਸੰਗਠਨ (ਵਰਲਡ ਟਰੇਡ ਆਰਗੇਨਾਈਜ਼ੇਸ਼ਨ – ਡਬਲਯੂ.ਟੀ.ਓ.) ਦੇ ਨਿਯਮਾਂ ਅਧੀਨ ਜਵਾਬੀ ਡਿਊਟੀਆਂ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ। ਭਾਰਤ ਦੀ ਬੇਨਤੀ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਡਬਲਯੂ.ਟੀ.ਓ. ਦੇ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ, ”ਰਿਆਇਤਾਂ ਜਾਂ ਹੋਰ ਜ਼ਿੰਮੇਵਾਰੀਆਂ ਦੀ ਪ੍ਰਸਤਾਵਿਤ ਮੁਅੱਤਲੀ ਸੰਯੁਕਤ ਰਾਜ ਅਮਰੀਕਾ ਵਿਚ ਪੈਦਾ ਹੋਣ ਵਾਲੇ ਚੁਣੇ ਹੋਏ ਉਤਪਾਦਾਂ ‘ਤੇ ਟੈਰਿਫਾਂ ਵਿਚ ਵਾਧੇ ਦੇ ਰੂਪ ਵਿਚ ਹੋਵੇਗੀ।”
ਭਾਰਤ ਨੇ ਡਬਲਯੂ.ਟੀ.ਓ. ਦੇ ਕੁਝ ਪ੍ਰਬੰਧਾਂ ਦੇ ਤਹਿਤ ਰਿਆਇਤਾਂ ਅਤੇ ਹੋਰ ਜ਼ਿੰਮੇਵਾਰੀਆਂ ਦੀ ਪ੍ਰਸਤਾਵਿਤ ਮੁਅੱਤਲੀ ਬਾਰੇ ਡਬਲਯੂ.ਟੀ.ਓ. ਦੀ ਵਪਾਰ ਪ੍ਰੀਸ਼ਦ ਨੂੰ ਸੂਚਿਤ ਕੀਤਾ ਹੈ। ਇਹ ਵਿਚ ਕਿਹਾ ਗਿਆ ਹੈ, ”ਇਹ ਨੋਟੀਫਿਕੇਸ਼ਨ ਅਮਰੀਕਾ ਵੱਲੋਂ ਭਾਰਤ ਤੋਂ ਆਟੋਮੋਬਾਈਲ ਪੁਰਜ਼ਿਆਂ ਦੀ ਦਰਾਮਦ ‘ਤੇ ਵਧਾਏ ਗਏ ਸੁਰੱਖਿਆ ਉਪਾਵਾਂ ਦੇ ਸਬੰਧ ਵਿਚ ਕੀਤਾ ਗਿਆ ਹੈ।”