ਨਵੀਂ ਦਿੱਲੀ, 21 ਸਤੰਬਰ (ਪੰਜਾਬ ਮੇਲ)- ਕੈਨੇਡਾ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਹੁਣ ਭਾਰਤ ਨੇ ਇਕ ਹੋਰ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੇ ਤਹਿਤ ਕੈਨੇਡੀਅਨ ਨਾਗਰਿਕਾਂ ਲਈ ਭਾਰਤ ਨੇ ਵੀਜ਼ਾ ਸੇਵਾਵਾਂ ਨੂੰ ਅਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤਾ ਹੈ। ਹੁਣ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਕੈਨੇਡਾ ਵਿਚ ਵੀਜ਼ਾ ਕੇਦਰਾਂ ਨੂੰ ਸੰਚਾਲਨ ਕਰਨ ਵਾਲੇ ਬੀ.ਐੱਲ.ਐੱਸ. ਇੰਟਰਨੈਸ਼ਨਲ ਨੇ ਆਪਣੀ ਵੈੱਬਸਾਈਟ’ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਨੋਟਿਸ ਵਿਚ ਲਿਖਿਆ ਗਿਆ ਹੈ ਕਿ ਭਾਰਤੀ ਮਿਸ਼ਨ ਵੱਲੋਂ ਮਹੱਤਵਪੂਰਨ ਸੂਚਨਾ-ਆਪਰੇਸ਼ਨਲ ਕਾਰਨਾਂ ਕਰਕੇ ਭਾਰਤ ਦੀਆਂ ਵੀਜ਼ਾ ਸੇਵਾਵਾਂ 21 ਸਤੰਬਰ,2023 ਤੋਂ ਅਗਲੀ ਸੂਚਨਾ ਤੱਕ ਬੰਦ ਰਹਿਣਗੀਆਂ। ਭਾਰਤ ਦੇ ਇਕ ਸੀਨੀਅਰ ਡਿਪਲੋਮੈਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਕੈਨੇਡਾ ਵਿੱਚ ਵਧਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਸਿਆਸੀ ਤੌਰ ‘ਤੇ ਸਮਰਥਨ ਪ੍ਰਾਪਤ ਨਫ਼ਰਤੀ ਅਪਰਾਧਾਂ ਅਤੇ ਅਪਰਾਧਿਕ ਹਿੰਸਾ ਦੇ ਮੱਦੇਨਜ਼ਰ, ਭਾਰਤ ਨੇ ਬੁੱਧਵਾਰ ਨੂੰ ਆਪਣੇ ਨਾਗਰਿਕਾਂ ਅਤੇ ਦੇਸ਼ ਦੀ ਯਾਤਰਾ ‘ਤੇ ਵਿਚਾਰ ਕਰਨ ਵਾਲੇ ਲੋਕਾਂ ਨੂੰ “ਬਹੁਤ ਸਾਵਧਾਨੀ” ਵਰਤਣ ਲਈ ਇੱਕ ਸਲਾਹ ਜਾਰੀ ਕੀਤੀ ਸੀ। ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲਾ ਨੇ ਆਪਣੀ ਐਡਵਾਈਜ਼ਰੀ ਵਿੱਚ “ਭਾਰਤ ਵਿਰੋਧੀ ਏਜੰਡੇ” ਦਾ ਵਿਰੋਧ ਕਰਨ ਵਾਲੇ ਭਾਰਤੀ ਭਾਈਚਾਰੇ ਦੇ ਇੱਕ ਹਿੱਸੇ ਅਤੇ ਭਾਰਤੀ ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ “ਧਮਕੀਆਂ” ਦਾ ਹਵਾਲਾ ਦਿੱਤਾ ਅਤੇ ਭਾਰਤੀ ਨਾਗਰਿਕਾਂ ਨੂੰ ਕੈਨੇਡਾ ਦੀ ਯਾਤਰਾ ਕਰਨ ਤੋਂ ਬਚਣ ਲਈ ਕਿਹਾ।