#AMERICA

ਭਾਰਤ ਨਾਲ ਚੀਨ ਤੋਂ ਵੀ ਵੱਡੀ ਡੀਲ ਕਰੇਗਾ ਅਮਰੀਕਾ !

ਵਾਸ਼ਿੰਗਟਨ, 28 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਵ੍ਹਾਈਟ ਹਾਊਸ ਨੇ ਇਕ ਦਿਨ ਪਹਿਲਾਂ ਚੀਨ ਨਾਲ ਇਕ ਸੌਦੇ ਬਾਰੇ ਸਮਝੌਤਾ ਕੀਤਾ ਸੀ। ਆਉਣ ਵਾਲੇ ਦਿਨਾਂ ‘ਚ ਭਾਰਤ ਨਾਲ ਇਸ ਤੋਂ ਵੀ ਵੱਡਾ ਸੌਦਾ ਕੀਤਾ ਜਾ ਸਕਦਾ ਹੈ।
ਅਮਰੀਕੀ ਵਣਜ ਸਕੱਤਰ ਹਾਵਰਡ ਲੁਟਨਿਕ ਨੇ ਇਕ ਇੰਟਰਵਿਊ ਦੌਰਾਨ ਸ਼ੁੱਕਰਵਾਰ ਦੱਸਿਆ ਕਿ ਇਸ ਹਫ਼ਤੇ ਦੇ ਸ਼ੁਰੂ ‘ਚ ਇਹ ਸਮਝੌਤਾ ਹੋਇਆ ਸੀ। ਉਨ੍ਹਾਂ ਤੇ ਟਰੰਪ ਨੇ ਸੌਦੇ ਬਾਰੇ ਕੋਈ ਵੇਰਵਾ ਨਹੀਂ ਦਿੱਤਾ। ਟਰੰਪ ਨੇ ਸਿਰਫ ਇੰਨਾ ਹੀ ਕਿਹਾ ਕਿ ਅਸੀਂ ਚੀਨ ਨਾਲ ਇਕ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਇਹ ਕਦਮ ਮਈ ਦੇ ਸ਼ੁਰੂ ‘ਚ ਜੇਨੇਵਾ ‘ਚ ਅਮਰੀਕਾ-ਚੀਨ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ ਹੈ। ਉਦੋਂ ਦੋਵਾਂ ਧਿਰਾਂ ਨੇ ਵੱਡੇ ਪੱਧਰ ‘ਤੇ ਟੈਰਿਫ ਵਾਧੇ ਨੂੰ ਮੁਲਤਵੀ ਕਰ ਦਿੱਤਾ ਸੀ।
ਟਰੰਪ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਮੁੱਖ ਵਾਰਤਾਕਾਰ ਰਾਜੇਸ਼ ਅਗਰਵਾਲ ਦੀ ਅਗਵਾਈ ਹੇਠ ਇਕ ਭਾਰਤੀ ਟੀਮ ਵੀਰਵਾਰ ਅਮਰੀਕਾ ਨਾਲ ਵਪਾਰਕ ਗੱਲਬਾਤ ਦੇ ਅਗਲੇ ਦੌਰ ਲਈ ਵਾਸ਼ਿੰਗਟਨ ਪਹੁੰਚੀ ਸੀ। ਦੋਵੇਂ ਦੇਸ਼ 9 ਜੁਲਾਈ ਤੋਂ ਪਹਿਲਾਂ ਸੌਦੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕਾ ਨੇ 2 ਅਪ੍ਰੈਲ ਨੂੰ ਐਲਾਨੇ ਗਏ ਉੱਚ ਟੈਰਿਫਾਂ ਨੂੰ 9 ਜੁਲਾਈ ਤੱਕ ਮੁਅੱਤਲ ਕੀਤਾ ਹੋਇਆ ਹੈ।