-ਅਸਤੀਫ਼ਾ ਦੇਣ ਦੀ ਉੱਠੀ ਮੰਗ
ਟੋਰਾਂਟੋ, 16 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਸਭ ਕੁਝ ਠੀਕ ਨਹੀਂ ਚੱਲ ਰਿਹਾ। ਭਾਰਤ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਨੂੰ ਹਰ ਪਾਸਿਓਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਡੀਆ ਅਤੇ ਵਿਰੋਧੀ ਪਾਰਟੀਆਂ ਨੇ ਜੀ-20 ਦੌਰਾਨ ਭਾਰਤ ਦੀ ਅਣਦੇਖੀ ਨੂੰ ਲੈ ਕੇ ਹਰ ਮੋਰਚੇ ‘ਤੇ ਉਸ ਨੂੰ ਘੇਰਿਆ ਹੈ। ਇਸ ਦੇ ਨਾਲ ਹੀ ਦੇਸ਼ ‘ਚ ਚੱਲ ਰਹੀ ਸਿਆਸੀ ਉਥਲ-ਪੁਥਲ ਦੌਰਾਨ ਉਸ ‘ਤੇ ਕੈਨੇਡਾ ਦੇ ਵਿਦੇਸ਼ੀ ਸਬੰਧਾਂ ਨੂੰ ਵਿਗਾੜਨ ਦਾ ਵੀ ਦੋਸ਼ ਲੱਗਾ ਹੈ। ਘਰੇਲੂ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਦਾ ਅਸਤੀਫ਼ਾ ਮੰਗਿਆ ਜਾ ਰਿਹਾ ਹੈ।
ਕੈਨੇਡਾ ਦੇ ਪ੍ਰਮੁੱਖ ਅਖਬਾਰ ‘ਦਿ ਟੋਰਾਂਟੋ ਸਨ’ ਨੇ 10 ਸਤੰਬਰ ਨੂੰ ‘ਦਿਸ ਵੇ ਆਉਟ’ ਸਿਰਲੇਖ ਦੇ ਨਾਲ ਇੱਕ ਮੁੱਖ ਪੰਨਾ ਪ੍ਰਕਾਸ਼ਿਤ ਕੀਤਾ, ਜਿਸ ਵਿਚ ਮੋਦੀ ਦੁਆਰਾ ਟਰੂਡੋ ਨੂੰ ਜੀ-20 ਸਥਾਨ, ਭਾਰਤ ਮੰਡਪਮ ਵਿਖੇ ਹੱਥ ਮਿਲਾਉਣ ਤੋਂ ਬਾਅਦ ਅੱਗੇ ਵਧਣ ਦਾ ਸੰਕੇਤ ਦਿੱਤਾ ਗਿਆ ਸੀ। ਅਖ਼ਬਾਰ ਨੇ ਇਹ ਵੀ ਦੱਸਿਆ ਕਿ ਟਰੂਡੋ ਨੂੰ ਭਾਰਤ ਵਿਚ ਜੀ20 ਸੰਮੇਲਨ ਵਿਚ ਕੁਝ ਹੀ ਦੋਸਤ ਮਿਲੇ। ਉੱਧਰ ਕੰਜ਼ਰਵੇਟਿਵ ਕੈਨੇਡੀਅਨ ਮੀਡੀਆ ਰਿਬੇਲ ਨਿਊਜ਼ ਨੇ ਰਿਪੋਰਟ ਦਿੱਤੀ ਕਿ ਪ੍ਰਧਾਨ ਮੰਤਰੀ ”ਜਸਟਿਨ ਟਰੂਡੋ ਨੇ ਦੂਜੀ ਵਾਰ ਭਾਰਤ ਵਿਚ ਕੈਨੇਡਾ ਨੂੰ ਸ਼ਰਮਿੰਦਾ ਕੀਤਾ ਹੈ, ਪਰ ਸਾਰੇ ਗ਼ਲਤ ਕਾਰਨਾਂ ਕਰਕੇ।”
ਸਿਆਸੀ ਸਰਵੇਖਣਾਂ ਵਿਚ ਵੀ ਉਹ ਵਿਰੋਧੀ ਕੰਜ਼ਰਵੇਟਿਵ ਪਾਰਟੀ ਤੋਂ ਪਿੱਛੇ ਰਹਿ ਗਏ ਹਨ। ਟਰੂਡੋ ਨੂੰ ਆਪਣੇ ਮੁੱਖ ਵਿਰੋਧੀ ਪੀਅਰੇ ਪੋਇਲੀਵਰ ਤੋਂ 14 ਅੰਕ ਘੱਟ ਮਿਲੇ, ਜਿਸ ਕਾਰਨ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕੀ ਉਹ ਆਪਣਾ ਅਹੁਦਾ ਛੱਡਣਗੇ? ਜਵਾਬ ਦਿੰਦੇ ਹੋਏ ਟਰੂਡੋ ਨੇ ਕਿਹਾ ਕਿ ਹਾਲੇ ਉਨ੍ਹਾਂ ਨੇ ਬਹੁਤ ਕੰਮ ਕਰਨਾ ਹੈ। ਹਾਲਾਂਕਿ ਉਸਨੇ ਮੰਨਿਆ ਹੈ ਕਿ ਉਸਦੀ ਜੀਵਨ ਸ਼ੈਲੀ ਦੇ ਖਰਚੇ ਵੱਧ ਗਏ ਹਨ। ਇੱਕ ਸਰਵੇਖਣ ਮੁਤਾਬਕ ਜੇਕਰ ਦੇਸ਼ ਵਿਚ ਹੁਣ ਚੋਣਾਂ ਹੁੰਦੀਆਂ ਹਨ, ਤਾਂ ਟਰੂਡੋ ਨੂੰ ਸੱਤਾ ਤੋਂ ਲਾਂਭੇ ਕੀਤਾ ਜਾ ਸਕਦਾ ਹੈ। ਹਾਲਾਂਕਿ ਟਰੂਡੋ ਦੀ ਲਿਬਰਲ ਪਾਰਟੀ ਨੂੰ ਖੱਬੇਪੱਖੀ ਨਿਊ ਡੈਮੋਕਰੇਟਸ ਦੀ ਹਮਾਇਤ ਹਾਸਲ ਹੈ, ਜਿਸ ਕਾਰਨ ਉਹ ਅਕਤੂਬਰ 2025 ਤੱਕ ਸੱਤਾ ‘ਚ ਰਹਿ ਸਕਦੇ ਹਨ ਪਰ ਦੇਸ਼ ਦੇ ਹਾਲਾਤ ਨੂੰ ਦੇਖਦੇ ਹੋਏ ਦੋਵਾਂ ਪਾਰਟੀਆਂ ਵਿਚਾਲੇ ਹੋਇਆ ਸਮਝੌਤਾ ਰੱਦ ਵੀ ਹੋ ਸਕਦਾ ਹੈ।