#INDIA

ਭਾਰਤ ਦੇ ਇਕ ਫ਼ੀਸਦ ਧਨਾਢਾਂ ਕੋਲ 40 ਫ਼ੀਸਦੀ ਦੌਲਤ; ਕੌਮਾਂਤਰੀ ਅਧਿਐਨ ‘ਚ ਖੁਲਾਸਾ

-ਭਾਰਤ ‘ਚ ਦੱਖਣੀ ਅਫਰੀਕਾ, ਬ੍ਰਾਜ਼ੀਲ ਤੇ ਅਮਰੀਕਾ ਤੋਂ ਵੱਧ ਆਰਥਿਕ ਨਾਬਰਾਬਰੀ
ਨਵੀਂ ਦਿੱਲੀ, 21 ਮਾਰਚ (ਪੰਜਾਬ ਮੇਲ)-ਇਕ ਕੌਮਾਂਤਰੀ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੌਮਾਂਤਰੀ ਮਾਪਦੰਡਾਂ ਦੇ ਮੁਕਾਬਲੇ ਭਾਰਤ ਵਿਚ ਆਰਥਿਕ ਨਾਬਰਾਬਰੀ ਆਪਣੇ ਸਿਖਰ ‘ਤੇ ਹੈ। ਇਹ ਦੱਖਣੀ ਅਫਰੀਕਾ, ਬ੍ਰਾਜ਼ੀਲ ਤੇ ਅਮਰੀਕਾ ਤੋਂ ਵੀ ਵੱਧ ਹੈ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2022-23 ਵਿਚ ਦੇਸ਼ ਦੀ ਸਭ ਤੋਂ ਅਮੀਰ ਇਕ ਫੀਸਦੀ ਆਬਾਦੀ ਦੀ ਕੌਮੀ ਆਮਦਨ ਵਿਚ ਹਿੱਸੇਦਾਰੀ ਵਧ ਕੇ 22.6 ਫੀਸਦੀ ਹੋ ਗਈ ਹੈ। ਉਧਰ ਧਨ ਸੰਪਤੀ ਵਿਚ ਉਨ੍ਹਾਂ ਦੀ ਹਿੱਸੇਦਾਰੀ ਵਧ ਕੇ 40.1 ਫੀਸਦੀ ਹੋ ਗਈ ਹੈ। ਇਹ ਅੰਕੜਾ 1922 ਮਗਰੋਂ ਦਰਜ ਸਿਖਰਲਾ ਪੱਧਰ ਹੈ। ਦਿ ਵਰਲਡ ਇਨਇਕੁਐਲਿਟੀ ਲੈਬ ਵੱਲੋਂ ਭਾਰਤ ਵਿਚ ਨਾਬਰਾਬਰੀ ਦੀ ਇਕ ਸਦੀ ਲੰਮੀ ਜਾਂਚ ਤੋਂ ਇਹ ਸਿੱਟਾ ਕੱਢਿਆ ਗਿਆ ਹੈ। ‘ਭਾਰਤ ਵਿਚ ਆਮਦਨ ਤੇ ਧਨ-ਸੰਪਤੀ ਨਾਬਰਾਬਰੀ 1922-2023: ਅਰਬਪਤੀ ਰਾਜ ਦਾ ਉਭਾਰ’ ਸਿਰਲੇਖ ਵਾਲੇ ਅਧਿਐਨ ਵਿਚ ਕਿਹਾ ਗਿਆ ਹੈ ਕਿ ਦੇਸ਼ ਆਜ਼ਾਦੀ ਤੋਂ ਬਾਅਦ ਦੇ ਅਰਸੇ ਵਿਚ ਨਾਬਰਾਬਰੀ ਘੱਟ ਗਈ ਸੀ, ਪਰ 1980 ਦੇ ਦਹਾਕੇ ਦੀ ਸ਼ੁਰੂਆਤ ਵਿਚ ਇਹ ਵਧਣੀ ਸ਼ੁਰੂ ਹੋ ਗਈ ਅਤੇ 2000 ਦੇ ਦਹਾਕੇ ਦੀ ਸ਼ੁਰੂਆਤ ਵਿਚ ਅਸਮਾਨੀ ਚੜ੍ਹ ਗਈ। ਇਹ ਨਾਬਰਾਬਰੀ 2022-23 ਵਿਚ ਸਿਖਰ ‘ਤੇ ਪਹੁੰਚ ਗਈ।
ਇਹ ਰਿਪੋਰਟ ਥੌਮਸ ਪਿਕੈੱਟੀ (ਪੈਰਿਸ ਸਕੂਲ ਆਫ਼ ਇਕਨਾਮਿਕਸ ਐਂਡ ਵਰਲਡ ਇਨਇਕੁਐਲਿਟੀ ਲੈਬ) ਤੇ ਨਿਤਿਨ ਕੁਮਾਰ ਭਾਰਤੀ (ਨਿਊਯਾਰਕ ਯੂਨੀਵਰਸਿਟੀ ਅਤੇ ਵਰਲਡ ਇਨਇਕੁਐਲਿਟੀ ਲੈਬ) ਵੱਲੋਂ ਤਿਆਰ ਕੀਤੀ ਗਈ ਹੈ। ਖੱਬੇ-ਪੱਖੀਆਂ ਵੱਲ ਝੁਕਾਅ ਰੱਖਣ ਵਾਲੇ ਚਾਰ ਅਰਥਸ਼ਾਸਤਰੀਆਂ ਦੇ ਇਸ ਪੇਪਰ ਵਿਚ ਲਿਖਿਆ ਗਿਆ ਹੈ ਕਿ ਭਾਰਤ ਦੇ ਆਧੁਨਿਕ ਪੂੰਜੀਪਤੀ ਵਰਗ ਦੀ ਅਗਵਾਈ ਵਾਲਾ ‘ਅਰਬਪਤੀ ਰਾਜ’ ਹੁਣ ਉਪਨਿਵੇਸ਼ਵਾਦੀ ਤਾਕਤਾਂ ਦੀ ਅਗਵਾਈ ਵਾਲੇ ਬ੍ਰਿਟਿਸ਼ ਰਾਜ ਦੀ ਤੁਲਨਾ ਵਿਚ ਵਧੇਰੇ ਅਸਮਾਨ ਹੈ। ਉਂਜ ਇਹ ਸਪੱਸ਼ਟ ਨਹੀਂ ਹੈ ਕਿ ਇਸ ਤਰ੍ਹਾਂ ਦੀ ਨਾਬਰਾਬਰੀ ਦਾ ਪੱਧਰ ਵੱਡੇ ਸਮਾਜਿਕ ਤੇ ਸਿਆਸੀ ਫੇਰਬਦਲ ਤੋਂ ਬਗੈਰ ਕਿੰਨੇ ਸਮੇਂ ਲਈ ਬਣਿਆ ਰਹਿ ਸਕਦਾ ਹੈ।