ਨਵੀਂ ਦਿੱਲੀ, 13 ਜੂਨ (ਪੰਜਾਬ ਮੇਲ)- ਭਾਰਤ ਦੀ ਆਬਾਦੀ ਸਾਲ 2025 ‘ਚ 1.46 ਅਰਬ ਤੱਕ ਪਹੁੰਚ ਜਾਵੇਗੀ ਅਤੇ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਿਆ ਰਹੇਗਾ। ਉਕਤ ਖੁਲਾਸਾ ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂ.ਐੱਨ.ਐੱਫ.ਪੀ.ਏ.) ਵੱਲੋਂ ਜਾਰੀ ਕੀਤੀ ਆਲਮੀ ਆਬਾਦੀ ਦੀ ਸਥਿਤੀ ਬਾਰੇ 2025 ਰਿਪੋਰਟ ‘ਚ ਕੀਤਾ ਗਿਆ। ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਸਲੀ ਸੰਕਟ ਘੱਟ ਜਾਂ ਵੱਧ ਆਬਾਦੀ ਦਾ ਨਹੀਂ ਹੈ, ਸਗੋਂ ਬੱਚੇ ਨੂੰ ਜਨਮ ਦੇਣ ਅਤੇ ਪਰਿਵਾਰ ਸ਼ੁਰੂ ਕਰਨ ਦੇ ਫ਼ੈਸਲਿਆਂ ‘ਤੇ ਆਜ਼ਾਦੀ ਨਾ ਹੋਣਾ ਹੈ। ਰਿਪੋਰਟ ਮੁਤਾਬਕ ਭਾਰਤ ਦੀ ਕੁੱਲ ਬੱਚੇ ਨੂੰ ਜਨਮ ਦੇਣ ਦੀ ਦਰ ਘੱਟ ਕੇ 1.9 ਜਨਮ ਪ੍ਰਤੀ ਔਰਤ ਰਹਿ ਗਈ ਹੈ, ਜੋ ਕਿ 2.1 ਦੇ ਰਿਪਲੇਸਮੈਂਟ ਲੈਵਲ ਤੋਂ ਹੇਠਾਂ ਹੈ। ਭਾਵ ਹੁਣ ਔਰਤਾਂ ਓਨੇ ਬੱਚਿਆਂ ਨੂੰ ਜਨਮ ਨਹੀਂ ਦੇ ਰਹੀਆਂ, ਜਿਸ ਨਾਲ ਆਬਾਦੀ ਬਿਨਾਂ ਮਾਈਗ੍ਰੇਸ਼ਨ ਦੇ ਅਗਲੀ ਪੀੜ੍ਹੀ ‘ਚ ਸਥਿਰ ਰਹਿ ਸਕੇ। ਰਿਪੋਰਟ ਮੁਤਾਬਕ ਇਸ ਦਾ ਮੁੱਖ ਕਾਰਨ ਆਰਥਿਕ ਪਾਬੰਦੀਆਂ ਹਨ। ਇਸ ਤੋਂ ਇਲਾਵਾ ਘਰਾਂ ਦੀਆਂ ਪਾਬੰਦੀਆਂ, ਨੌਕਰੀ ਬਾਰੇ ਅਸੁਰੱਖਿਆ, ਬੱਚਿਆਂ ਦੇ ਪੁੱਜਤਯੋਗ ਇਲਾਜ ਦੀ ਘਾਟ, ਸਿਹਤ ਸਬੰਧੀ ਸਰੋਕਾਰ ਅਤੇ ਗਰਭ ਸਬੰਧੀ ਸੀਮਿਤ ਇਲਾਜ ਸਹੂਲਤਾਂ ਵੀ ਅਹਿਮ ਕਾਰਨ ਹਨ। ਰਿਪੋਰਟ ‘ਚ ਰਵਾਇਤੀ ਰੁਕਾਵਟਾਂ ਤੋਂ ਇਲਾਵਾ ਸਮਾਜਿਕ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ‘ਚ ਇਕੱਲੇਪਨ ‘ਚ ਵਾਧਾ, ਉਲਝੇ ਸੰਬੰਧ ਅਤੇ ਹਰ ਔਕੜ ‘ਚ ਸਾਥ ਦੇਣ ਵਾਲੇ ਜੀਵਨ ਸਾਥੀ ਨੂੰ ਲੱਭਣ ‘ਚ ਆਉਣ ਵਾਲੀਆਂ ਦਿੱਕਤਾਂ ਸ਼ਾਮਲ ਹਨ। ਭਾਰਤ ਇਸ ਵੇਲੇ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ, ਜਿਸ ਦੀ ਆਬਾਦੀ ਤਕਰੀਬਨ 1.46 ਅਰਬ ਹੈ। ਆਉਣ ਵਾਲੇ ਸਮੇਂ ‘ਚ ਇਸ ਦੇ ਘਟਣ ਤੋਂ ਪਹਿਲਾਂ 1.70 ਅਰਬ ਹੋਣ ਦੀ ਉਮੀਦ ਹੈ।
ਭਾਰਤ ਦੀ ਆਬਾਦੀ 2025 ‘ਚ 1.46 ਅਰਬ ਤੱਕ ਪਹੁੰਚ ਜਾਵੇਗੀ : ਸੰਯੁਕਤ ਰਾਸ਼ਟਰ
