ਵਾਸ਼ਿੰਗਟਨ, 1 ਸਤੰਬਰ (ਪੰਜਾਬ ਮੇਲ)– ਅਮਰੀਕੀ ਯਹੂਦੀਆਂ ਦੇ ਇਕ ਸਮਰਥਕ ਸਮੂਹ ਨੇ ਰੂਸ ਤੋਂ ਤੇਲ ਖਰੀਦਣ ਸਬੰਧੀ ਭਾਰਤ ਦੀ ਆਲੋਚਨਾ ਕਰਨ ‘ਤੇ ਅਮਰੀਕੀ ਅਧਿਕਾਰੀਆਂ ਉੱਪਰ ਨਿਸ਼ਾਨਾ ਲਾਇਆ ਹੈ ਅਤੇ ਕਿਹਾ ਹੈ ਕਿ ਰੂਸ-ਯੂਕਰੇਨ ਸੰਕਟ ਲਈ ਭਾਰਤ ਜ਼ਿੰਮੇਵਾਰ ਨਹੀਂ ਹੈ। ਸਮੂਹ ਨੇ ਅਮਰੀਕਾ-ਭਾਰਤ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਦਾ ਸੱਦਾ ਦਿੱਤਾ।
ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਰੂਸ ਤੋਂ ਤੇਲ ਖਰੀਦਣ ‘ਤੇ ਭਾਰਤ ਦੀ ਆਲੋਚਨਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤੇਲ ਤੋਂ ਮਿਲੇ ਪੈਸਿਆਂ ਨਾਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਖਿਲਾਫ ਜੰਗ ਜਾਰੀ ਰੱਖਣ ਵਿਚ ਮਦਦ ਮਿਲ ਰਹੀ ਹੈ। ਅਮਰੀਕਾ ਜਿਊਇਸ਼ ਕਮੇਟੀ (ਏਜੰਸੀ) ਨੇ ਸ਼ੁੱਕਰਵਾਰ ਇਸ ਮਾਮਲੇ ‘ਤੇ ਟਿੱਪਣੀ ਕੀਤੀ। ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਰੂਸ-ਯੂਕਰੇਨ ਸੰਕਟ ਨੂੰ ‘ਮੋਦੀ ਦੀ ਜੰਗ’ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਸ਼ਾਂਤੀ ਦਾ ਰਸਤਾ ਅੰਸ਼ਕ ਤੌਰ ‘ਤੇ ਨਵੀਂ ਦਿੱਲੀ ਤੋਂ ਹੋ ਕੇ ਜਾਂਦਾ ਹੈ।
ਏਜੰਸੀ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਿਚ ਕਿਹਾ ਕਿ ਉਹ ਅਮਰੀਕੀ ਅਧਿਕਾਰੀਆਂ ਵੱਲੋਂ ਭਾਰਤ ‘ਤੇ ਕੀਤੇ ਗਏ ਜ਼ੁਬਾਨੀ ਹਮਲਿਆਂ ਤੋਂ ਬਹੁਤ ਹੈਰਾਨ ਤੇ ਫਿਕਰਮੰਦ ਹੈ। ਸਮੂਹ ਨੇ ਨਵਾਰੋ ਦੀ ਟਿੱਪਣੀ ਨੂੰ ‘ਅਪਮਾਨ ਭਰਿਆ ਦੋਸ਼’ ਕਰਾਰ ਦਿੱਤਾ। ਉਸ ਨੇ ਕਿਹਾ ਕਿ ਸਾਨੂੰ ਊਰਜਾ ਦੇ ਲੋੜਵੰਦ ਭਾਰਤ ਦੀ ਰੂਸੀ ਤੇਲ ‘ਤੇ ਨਿਰਭਰਤਾ ‘ਤੇ ਖੇਦ ਹੈ ਪਰ ਭਾਰਤ ਪੁਤਿਨ ਦੇ ਜੰਗੀ ਅਪਰਾਧਾਂ ਲਈ ਜ਼ਿੰਮਵਾਰ ਨਹੀਂ, ਇਹ ਇਕ ਸਹਿਯੋਗੀ ਲੋਕਤੰਤਰੀ ਦੇਸ਼ ਅਤੇ ਅਮਰੀਕਾ ਦਾ ਅਹਿਮ ਰਣਨੀਤਕ ਭਾਈਵਾਲ ਹੈ।
ਭਾਰਤ ‘ਤੇ 50 ਫ਼ੀਸਦੀ ਟੈਰਿਫ਼ ਲਗਾਉਣ ਮਗਰੋਂ ਭਾਰਤ ਦੇ ਹੱਕ ‘ਚ ਉੱਤਰੇ ਅਮਰੀਕੀ ਯਹੂਦੀ

