ਨਵੀਂ ਦਿੱਲੀ, 23 ਅਕਤੂਬਰ (ਪੰਜਾਬ ਮੇਲ)- ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਨੇ ਅਗਲੇ ਪੰਜ ਸਾਲਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਸਮਝੌਤਾ ਨਵਿਆ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਪ੍ਰਤੀ ਸ਼ਰਧਾਲੂ 20 ਅਮਰੀਕੀ ਡਾਲਰ ਸਰਵਿਸ ਚਾਰਜ ਲਿਆ ਜਾਂਦਾ ਹੈ ਤੇ ਭਾਰਤ ਨੇ ਗੁਆਂਢੀ ਮੁਲਕ ਨੂੰ ਇਹ ਫੀਸ ਮੁਆਫ਼ ਕਰਨ ਦੀ ਮੁੜ ਅਪੀਲ ਕੀਤੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਕਸ ‘ਤੇ ਇਕ ਪੋਸਟ ਵਿਚ ਲਿਖਿਆ, ”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਸਿੱਖ ਭਾਈਚਾਰੇ ਨੂੰ ਉਨ੍ਹਾਂ ਦੇ ਪਵਿੱਤਰ ਸਥਾਨਾਂ ਤੱਕ ਰਸਾਈ ਦੀ ਸਹੂਲਤ ਜਾਰੀ ਰੱਖੇਗੀ।” ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਨੇ ਕਿਹਾ, ‘ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ‘ਤੇ ਸਮਝੌਤਾ ਪੰਜ ਹੋਰ ਸਾਲਾਂ ਲਈ ਨਵਿਆਇਆ ਗਿਆ ਹੈ।’ ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ 24 ਅਕਤੂਬਰ, 2019 ਨੂੰ ਸਮਝੌਤਾ ਹੋਇਆ ਸੀ, ਜਿਸ ਤਹਿਤ ਭਾਰਤ ਤੋਂ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਨਾਰੋਵਾਲ ਦੀ ਯਾਤਰਾ ਦੀ ਸਹੂਲਤ ਦਿੱਤੀ ਗਈ ਸੀ।