#AMERICA

ਭਾਰਤ ਤੇ ਅਮਰੀਕਾ ਵਿਚਾਲੇ ਮਿੰਨੀ ਟ੍ਰੇਡ ਡੀਲ ਫਾਈਨਲ ਹੋਣ ਲਈ ਕਰਨਾ ਪੈ ਸਕਦੈ ਹੋਰ ਇੰਤਜ਼ਾਰ

-ਅਜੇ ਨਹੀਂ ਆਵੇਗਾ ਅਮਰੀਕੀ ਡੈਲੀਗੇਸ਼ਨ
ਨਵੀਂ ਦਿੱਲੀ, 18 ਅਗਸਤ (ਪੰਜਾਬ ਮੇਲ)- ਭਾਰਤ ਅਤੇ ਅਮਰੀਕਾ ਵਿਚਾਲੇ ਮਿੰਨੀ ਟ੍ਰੇਡ ਡੀਲ ਫਾਈਨਲ ਹੋਣ ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਦੀ ਵਜ੍ਹਾ ਹੈ ਕਿ ਭਾਰਤ ਨਾਲ ਅਗਲੇ ਦੌਰ ਦੀ ਗੱਲਬਾਤ ਲਈ ਅਮਰੀਕੀ ਡੈਲੀਗੇਸ਼ਨ ਦਾ 25 ਅਗਸਤ ਦਾ ਦੌਰਾ ਹੁਣ ਨਹੀਂ ਹੋਵੇਗਾ। ਇਸ ਨੂੰ ਕਿਸੇ ਹੋਰ ਤਰੀਕ ਲਈ ਰੀ-ਸ਼ਡਿਊਲ ਕੀਤਾ ਜਾ ਰਿਹਾ ਹੈ। ਭਾਰਤ ਅਤੇ ਅਮਰੀਕਾ ਵਿਚਾਲੇ ਪ੍ਰਸਤਾਵਿਤ ਦੋਪੱਖੀ ਵਪਾਰ ਸਮਝੌਤੇ (ਬੀ.ਟੀ.ਏ.) ‘ਤੇ ਅੱਗੇ ਦੀ ਗੱਲਬਾਤ ਲਈ ਅਗਲੇ ਦੌਰ ਦੀ ਚਰਚਾ ਨਵੀਂ ਦਿੱਲੀ ‘ਚ ਹੋਣ ਦੀ ਉਮੀਦ ਸੀ। 6ਵੇਂ ਦੌਰ ਦੀ ਗੱਲਬਾਤ 25-29 ਅਗਸਤ ਤੱਕ ਨਿਰਧਾਰਿਤ ਸੀ।
ਇਕ ਸਰਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਅਮਰੀਕੀ ਡੈਲੀਗੇਸ਼ਨ ਦੇ ਦੌਰੇ ਨੂੰ ਰੀ-ਸ਼ਡਿਊਲ ਕੀਤਾ ਜਾਵੇਗਾ ਅਤੇ ਇਹ ਪਹਿਲਾਂ ਦੀ ਯੋਜਨਾ ਅਨੁਸਾਰ 25 ਅਗਸਤ ਨੂੰ ਨਹੀਂ ਹੋ ਰਿਹਾ ਹੈ। ਦੋਵਾਂ ਦੇਸ਼ਾਂ ਨੇ ਟ੍ਰੇਡ ਡੀਲ ‘ਤੇ ਗੱਲਬਾਤ ਇਸ ਸਾਲ ਮਾਰਚ ‘ਚ ਸ਼ੁਰੂ ਕੀਤੀ ਸੀ। ਉਦੋਂ ਤੋਂ ਹੁਣ ਤੱਕ 5 ਰਾਊਂਡ ਦੀ ਗੱਲਬਾਤ ਹੋ ਚੁੱਕੀ ਹੈ। ਆਖਰੀ ਵਾਰ ਦੋਵਾਂ ਦੇਸ਼ਾਂ ਦੇ ਅਧਿਕਾਰੀ ਜੁਲਾਈ ‘ਚ ਅਮਰੀਕਾ ‘ਚ ਮਿਲੇ ਸਨ। ਟ੍ਰੇਡ ਡੀਲ ਨੂੰ ਇਸ ਸਾਲ ਸਤੰਬਰ ਤੱਕ ਫਾਈਨਲ ਕੀਤੇ ਜਾਣ ਦਾ ਪਲਾਨ ਹੈ।
ਟ੍ਰੇਡ ਡੀਲ ‘ਤੇ ਗੱਲਬਾਤ ਦਾ 6ਵਾਂ ਰਾਊਂਡ ਰੀ-ਸ਼ਡਿਊਲ ਹੋਣਾ ਟੈਰਿਫ ਟੈਨਸ਼ਨ ਵਿਚਾਲੇ ਮਾਅਨੇ ਰੱਖਦਾ ਹੈ। ਅਮਰੀਕਾ ਜਾਣ ਵਾਲੇ ਭਾਰਤੀ ਸਾਮਾਨ ‘ਤੇ 25 ਫੀਸਦੀ ਦੇ ਐਡੀਸ਼ਨਲ ਟੈਰਿਫ ਜਾਂ ਸੈਕੰਡਰੀ ਟੈਰਿਫ 27 ਅਗਸਤ ਤੋਂ ਲਾਗੂ ਹੋਣ ਵਾਲੇ ਹਨ। ਇਸ ਨਾਲ ਟੈਰਿਫ ਦੀ ਕੁੱਲ ਦਰ 50 ਫੀਸਦੀ ਹੋ ਜਾਵੇਗੀ। 25 ਫੀਸਦੀ ਦੀ ਇਕ ਦਰ ਪਹਿਲਾਂ ਹੀ 7 ਅਗਸਤ ਤੋਂ ਲਾਗੂ ਹੋ ਚੁੱਕੀ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਹੋ ਸਕਦਾ ਹੈ ਕਿ ਰੂਸੀ ਕੱਚੇ ਤੇਲ ਦੀ ਖਰੀਦ ਜਾਰੀ ਰੱਖਣ ਵਾਲੇ ਦੇਸ਼ਾਂ ‘ਤੇ ਸੈਕੰਡਰੀ ਟੈਰਿਫ ਨਾ ਲਾਵੇ।
15 ਅਗਸਤ ਨੂੰ ਰੂਸੀ ਰਾਸ਼ਟਰਪਤੀ ਪੁਤੀਨ ਨਾਲ ਟਰੰਪ ਦੀ ਮੀਟਿੰਗ ਹੋਈ। ਇਸ ਮੀਟਿੰਗ ਦਾ ਉਦੇਸ਼ ਯੂਕਰੇਨ ‘ਚ ਜੰਗ ਨੂੰ ਖਤਮ ਕਰਨ ਲਈ ਜੰਗਬੰਦੀ ਦੀ ਸਥਾਪਨਾ ਕਰਨਾ ਸੀ। ਹਾਲਾਂਕਿ ਇਹ ਬੈਠਕ ਬੇਨਤੀਜਾ ਰਹੀ। ਟਰੰਪ 18 ਅਗਸਤ ਨੂੰ ਵਾਸ਼ਿੰਗਟਨ ‘ਚ ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਨਾਲ ਮਿਲਣਗੇ ਅਤੇ ਰੂਸ ਨਾਲ ਸ਼ਾਂਤੀ ਸਮਝੌਤੇ ‘ਤੇ ਅੱਗੇ ਗੱਲਬਾਤ ਕਰਨਗੇ। ਮਾਸਕੋ ‘ਚ ਟਰੰਪ ਅਤੇ ਪੁਤੀਨ ਦੀ ਇਕ ਹੋਰ ਮੀਟਿੰਗ ਹੋਣ ਦੇ ਵੀ ਸੰਕੇਤ ਹਨ।
ਅਮਰੀਕਾ ਨੂੰ ਭੇਜੇ ਜਾਣ ਵਾਲੇ ਜ਼ਿਆਦਾ ਭਾਰਤੀ ਸਾਮਾਨਾਂ ‘ਤੇ ਫਿਲਹਾਲ 25 ਫੀਸਦੀ ਟੈਰਿਫ ਲੱਗ ਰਿਹਾ ਹੈ। ਭਾਰਤ ਦਾ ਟੀਚਾ ਅਮਰੀਕਾ ਦੇ ਨਾਲ ਵਪਾਰ ਸਮਝੌਤੇ ਜ਼ਰੀਏ ਆਪਣੀ ਬਰਾਮਦ ‘ਤੇ ਲੱਗਣ ਵਾਲੇ ਟੈਰਿਫ ਨੂੰ ਘੱਟ ਕਰਨਾ ਹੈ। ਪਿਛਲੇ 10 ਸਾਲਾਂ ‘ਚ ਅਮਰੀਕਾ ਦੇ ਨਾਲ ਭਾਰਤ ਦਾ ਟ੍ਰੇਡ ਲੱਗਭਗ ਦੁੱਗਣਾ ਹੋ ਗਿਆ ਹੈ। 2013 ‘ਚ ਇਹ 64.6 ਅਰਬ ਡਾਲਰ ‘ਤੇ ਸੀ ਪਰ 2024 ‘ਚ ਵਧ ਕੇ 118.4 ਅਰਬ ਡਾਲਰ ਹੋ ਗਿਆ।