#INDIA

ਭਾਰਤ ਕੈਨੇਡਾ ਸਬੰਧਾਂ ਦੇ ਹੋਏ ਨੁਕਸਾਨ ਦੀ ਜ਼ਿੰਮੇਦਾਰੀ ਸਿਰਫ਼ ਪ੍ਰਧਾਨ ਮੰਤਰੀ ਟਰੂਡੋ ਦੀ ਹੋਵੇਗੀ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ,  17 ਅਕਤੂਬਰ (ਪੰਜਾਬ ਮੇਲ)-   ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਆਪਣੇ ਦੇਸ਼ ਦੇ ਜਾਂਚ ਕਮਿਸ਼ਨ ਸਾਹਮਣੇ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੇ ਖਿਲਾਫ “ਠੋਸ ਸਬੂਤਾਂ ਦੀ ਅਣਹੋਂਦ” ਦੀ ਗੱਲ ਨੂੰ ਸਵੀਕਾਰਨਾ, ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕੈਨੇਡਾ ਨੇ ਭਾਰਤ ਅਤੇ ਭਾਰਤੀ ਡਿਪਲੋਮੈਟਾਂ ਵਿਰੁੱਧ ਲਾਏ ਗਏ ਗੰਭੀਰ ਦੋਸ਼ਾਂ ਸਬੰਧੀ ਸਾਨੂੰ ਕੋਈ ਠੋਸ ਸਬੂਤ ਨਹੀਂ ਦਿੱਤੇ।

ਟਰੂਡੋ ਨੇ ਬੁੱਧਵਾਰ ਨੂੰ ਜਾਂਚ ਕਮਿਸ਼ਨ ਦੇ ਸਾਹਮਣੇ ਇਹ ਮੰਨਿਆ ਸੀ ਕਿ ਪਿਛਲੇ ਸਾਲ ਖਾਲਿਸਤਾਨੀ ਵੱਖਵਾਦੀ ਹਰਦੀਪ ਨਿੱਜਰ ਦੀ ਹੱਤਿਆ ਵਿਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ, ਉਸ ਸਮੇਂ ਉਨ੍ਹਾਂ ਕੋਲ ਸਿਰਫ਼ ਖੁਫ਼ੀਆ ਜਾਣਕਾਰੀ ਸੀ ਅਤੇ ਕੋਈ ਠੋਸ ਸਬੂਤ ਨਹੀਂ ਸਨ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਕ ਬਿਆਨ ਵਿਚ ਕਿਹਾ ਕਿ ਅੱਜ ਜੋ ਅਸੀਂ ਸੁਣਿਆ ਹੈ ਉਸ ਨਾਲ ਸਾਡੀ ਉਸੇ ਗੱਲ ਦੀ ਪੁਸ਼ਟੀ ਹੁੰਦੀ ਜੋ ਅਸੀਂ ਲਗਾਤਾਰ ਕਹਿੰਦੇ ਆ ਰਹੇ ਹਾਂ ਕਿ ਕੈਨੇਡਾ ਨੇ ਜੋ ਭਾਰਤੀ ਡਿਪਲੋਮੈਟਾਂ ’ਤੇ ਦੋਸ਼ ਲਾਏ ਹਨ, ਉਨ੍ਹਾਂ ਦੋਸ਼ਾਂ ਲਈ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ।

ਮੰਤਰਾਲਾ ਨੇ ਕਿਹਾ ਕਿ ਇਸ ਲਾਪ੍ਰਵਾਹ ਵਿਵਹਾਰ ਨਾਲ ਭਾਰਤ ਕੈਨੇਡਾ ਦੇ ਸਬੰਧਾਂ ਨੂੰ ਜੋ ਨੁਕਸਾਨ ਪੁੱਜਿਆ ਹੈ ਉਸਦੀ ਜ਼ਿੰਮੇਵਾਰੀ ਇਕੱਲੇ ਪ੍ਰਧਾਨ ਮੰਤਰੀ ਟਰੂਡੋ ਦੀ ਹੋਵੇਗੀ।