ਨਵੀਂ ਦਿੱਲੀ, 23 ਦਸੰਬਰ (ਪੰਜਾਬ ਮੇਲ)- ਯੂ.ਏ.ਈ. ਤੋਂ ਨਿਕਾਰਾਗੁਆ ਜਾ ਰਹੇ ਇਕ ਹਵਾਈ ਜਹਾਜ਼, ਜਿਸ ਨੂੰ ਫਰਾਂਸ ਦੇ ਹਵਾਈ ਅੱਡੇ ਵਿਖੇ ਰੋਕ ਲਿਆ ਗਿਆ ਹੈ। ਇਸ ‘ਚ 303 ਭਾਰਤੀ ਯਾਤਰੀ ਸਫਰ ਕਰ ਰਹੇ ਸਨ। ਜਾਣਕਾਰੀ ਮੁਤਾਬਕ ਇਸ ਜਹਾਜ਼ ਨੂੰ ਮਨੁੱਖੀ ਸਮੱਗਲਿੰਗ ਦੇ ਸ਼ੱਕ ‘ਚ ਰੋਕਿਆ ਗਿਆ ਹੈ, ਜਿਸ ਕਾਰਨ ਸਾਰੇ ਯਾਤਰੀਆਂ ਨੂੰ ਏਅਰਪੋਰਟ ਦੇ ਰਿਸੈਪਸ਼ਨ ਹਾਲ ‘ਚ ਆਰਾਮ ਕਰਨ ਲਈ ਬਿਠਾਇਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਫਰਾਂਸ ‘ਚ ਭਾਰਤੀ ਅੰਬੈਸੀ ਨੇ ‘ਐਕਸ’ ‘ਤੇ ਟਵੀਟ ਕਰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਫਰਾਂਸ ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਦੁਬਈ ਤੋਂ ਨਿਕਾਰਾਗੁਆ ਜਾਣ ਵਾਲੀ ਫਲਾਈਟ, ਜਿਸ ‘ਚ 303 ਯਾਤਰੀ ਸ਼ਾਮਲ ਹਨ, ਨੂੰ ਫਰਾਂਸ ਦੇ ਹਵਾਈ ਅੱਡੇ ਵਿਖੇ ਰੋਕ ਲਿਆ ਗਿਆ ਹੈ। ਅੰਬੈਸੀ ਦੀ ਟੀਮ ਸਾਡੇ ਨਾਲ ਸੰਪਰਕ ਕੀਤਾ ਹੈ। ਅਸੀਂ ਮਾਮਲੇ ਦੀ ਪੁਸ਼ਟੀ ਕਰ ਰਹੇ ਹਾਂ, ਨਾਲ ਹੀ ਅਸੀਂ ਯਾਤਰੀਆਂ ਦੀ ਸਹੀ-ਸਲਾਮਤੀ ਦਾ ਵੀ ਪੂਰਾ ਖਿਆਲ ਰੱਖ ਰਹੇ ਹਾਂ। ਦੱਸ ਦੇਈਏ ਕਿ ਦੁਬਈ ਤੋਂ ਨਿਕਾਰਾਗੁਆ ਜਾਣ ਵਾਲੀ ਫਲਾਈਟ ਏ-340 ਨੂੰ ਫਰਾਂਸ ਦੇ ਹਵਾਈ ਅੱਡੇ ਵਿਖੇ ਰੋਕ ਲਿਆ ਗਿਆ ਸੀ, ਜਿਸ ‘ਚ 303 ਯਾਤਰੀ ਸਵਾਰ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਭਾਰਤੀ ਹਨ। ਫਰਾਂਸ ਹਵਾਈ ਅੱਡਾ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਇਸ ਫਲਾਈਟ ‘ਚ ਸਵਾਰ ਯਾਤਰੀ ਹਿਊਮਨ ਟ੍ਰੈਫਿਕਿੰਗ ਦਾ ਸ਼ਿਕਾਰ ਹੋ ਸਕਦੇ ਹਨ ਤੇ ਇਨ੍ਹਾਂ ‘ਚੋਂ ਕਈ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਤੇ ਕੈਨੇਡਾ ‘ਚ ਦਾਖਲ ਹੋਣ ਦੇ ਇਰਾਦੇ ਨਾਲ ਸਫਰ ਕਰ ਰਹੇ ਹਨ।