ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) 29 ਮਾਰਚ (ਪੰਜਾਬ ਮੇਲ)- ਭਾਰਤੀ ਵਿਦਿਆਰਥਣ ਤੇ ਫੁੱਲਬਰਾਈਟ ਸਕਾਲਰ ਰੰਜਨੀ ਸ੍ਰੀਨਿਵਾਸਨ ਜਿਸ ਨੂੰ ਹਮਾਸ ਦਾ ਸਮਰਥਨ ਕਰਨ ਦੇ ਕਥਿੱਤ ਦੋਸ਼ਾਂ ਕਾਰਨ ਵੀਜ਼ਾ ਰੱਦ ਕਰ ਦੇਣ ਉਪਰੰਤ ਮਜਬੂਰਨ ਕੈਨੇਡਾ ਸ਼ਰਨ ਲੈਣੀ ਪਈ ਸੀ, ਨੇ ਉਸ ਉਪਰ ਲਾਏ ਅੱਤਵਾਦ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕੋਲੰਬੀਆ ਯੁਨੀਵਰਸਿਟੀ ਤੋਂ ਨਿਆਂ ਦੀ ਮੰਗ ਕੀਤੀ ਹੈ। ਸ਼ਹਿਰੀ ਯੋਜਨਾਬੰਦੀ ਵਿਚ ਪੀ ਐਚ ਡੀ ਵਿਦਿਆਰਥਣ ਨੇ ਅਲ ਜਜ਼ੀਰਾ ਨਾਲ ਗੱਲਬਾਤ ਕਰਦਿਆਂ ਆਸ ਪ੍ਰਗਟਾਈ ਹੈ ਕਿ ਯੁਨੀਵਰਸਿਟੀ ਉਸ ਨਾਲ ਨਿਆਂ ਕਰੇਗੀ ਤੇ ਉਸ ਦਾ ਦਾਖਲਾ ਬਹਾਲ ਕਰ ਦੇਵੇਗੀ। ਉਸ ਨੇ ਕਿਹਾ ਕਿ ਮੈਨੂੰ ਕਦੀ ਵੀ ਆਸ ਨਹੀਂ ਸੀ ਕਿ ਯੁਨੀਵਰਸਿਟੀ ਉਸ ਨਾਲ ਅਜਿਹਾ ਵਿਵਹਾਰ ਕਰੇਗੀ ਪਰੰਤੂ ਉਹ ਆਸਵੰਦ ਹੈ ਕਿ ਮੈਨੂੰ ਨਿਆਂ ਮਿਲੇਗਾ। ਇਥੇ ਜਿਕਰਯੋਗ ਹੈ ਕਿ ਚੇਨਈ ਵਿਚਲੇ ਯੂ ਐਸ ਕੌਂਸਲੇਟ ਦੁਆਰਾ ਈ ਮੇਲ ਰਾਹੀਂ ਉਸ ਦਾ ਵਿਦਿਆਰਥੀ ਵੀਜ਼ਾ ਰੱਦ ਕਰ ਦੇਣ ਦੀ ਜਾਣਕਾਰੀ ਦੇਣ ਉਪਰੰਤ ਸ੍ਰੀਨਿਵਾਸਨ ਗ੍ਰਿਫਤਾਰੀ ਦੇ ਡਰ ਕਾਰਨ ਅਮਰੀਕਾ ਛੱਡ ਕੇ ਕੈਨੇਡਾ ਚਲੀ ਗਈ ਸੀ। ਉਸ ਦਾ ਵਿਸ਼ਵਾਸ਼ ਹੈ ਕਿ ਫਲਸਤੀਨੀਆਂ ਦੇ ਹੱਕਾਂ ਦਾ ਸਮਰਥਨ ਕਰਨ ਤੇ ਇਸਰਾਈਲ ਦੀ ਅਲੋਚਨਾ ਕਰਨ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਸ ਨੇ ਮੰਨਿਆ ਕਿ ਉਸ ਨੇ ਫਲਸਤੀਨ ਪੱਖੀ ਪ੍ਰਦਰਸ਼ਨ ਵਿਚ ਹਿੱਸਾ ਲਿਆ ਸੀ ਪਰੰਤੂ ਉਸ ਨੇ ਨਾਲ ਹੀ ਸਪੱਸ਼ਟ ਕੀਤਾ ਹੈ ਕਿ ਉਹ ਕੋਲੰਬੀਆ ਦੇ ਕਿਸੇ ਵੀ ਸੰਗਠਿਤ ਗਰੁੱਪ ਦੀ ਮੈਂਬਰ ਨਹੀਂ ਹੈ। ਉਸ ਨੇ ਕਿਹਾ ਹੈ ਕਿ ਉਹ ਪੀ ਐਚ ਡੀ ਲਈ ਲੋੜੀਂਦਾ ਸਮੁੱਚਾ ਕੰਮ ਪੂਰਾ ਕਰ ਚੁੱਕੀ ਹੈ ਤੇ ਉਹ ਰਹਿੰਦਾ ਕੰਮ ਪੂਰਾ ਕਰਨਾ ਚਹੁੰਦੀ ਹੈ।
ਕੈਪਸ਼ਨ ਰੰਜਨੀ ਸ਼੍ਰੀਨਿਵਾਸਨ
ਸੰਘੀ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਯੁਨੀਵਰਸਿਟੀ ਆਫ ਅਲਾਬਾਮਾ ਵਿਚ ਪੜ ਰਿਹਾ ਇਰਾਨੀ ਵਿਦਿਆਰਥੀ ਗ੍ਰਿਫਤਾਰ
ਸੈਕਰਾਮੈਂਟੋ,ਕੋਲੰਬੀਆ (ਹੁਸਨ ਲੜੋਆ ਬੰਗਾ)- ਸੰਘੀ ਇਮੀਗ੍ਰੇਸ਼ਨ ਏਜੰਟਾਂ ਦੁਆਰਾ ਯੁਨੀਵਰਸਿਟੀ ਆਫ ਅਲਾਬਾਮਾ ਵਿਚ ਡਾਕਟੋਰੇਟ ਕਰ ਰਹੇ ਇਕ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਹਾਲਾਂ ਕਿ ਯੁਨੀਵਰਸਿਟੀ ਦੇ ਅਧਿਕਾਰੀਆਂ ਨੇ ਵਿਦਿਆਰਥੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰੰਤੂ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ (ਆਈ ਸੀ ਈ) ਦੀ ਵੈਬਸਾਈਟ ਉਪਰ ਪਾਈ ਜਾਣਕਾਰੀ ਅਨੁਸਾਰ ਗ੍ਰਿਫਤਾਰ ਵਿਦਿਆਰਥੀ ਅਲੀਰੇਜ਼ਾ ਡੌਰਾਊਦੀ ਹੈ ਜੋ ਇਰਾਨੀ ਨਾਗਰਿਕ ਹੈ। ਯੂ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਤੇ ਆਈ ਸੀ ਏ ਨੇ ਮੀਡੀਆ ਦੁਆਰਾ ਪ੍ਰਤੀਕਰਮ ਜਾਣਨ ਲਈ ਕੀਤੀ ਬੇਨਤੀ ਦਾ ਤੁਰੰਤ ਕੋਈ ਜਵਾਬ ਨਹੀਂ ਦਿੱਤਾ ਹੈ। ਅਜੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਵਿਦਿਆਰਥੀ ਨੂੰ ਕਿਸ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ। ਸਮਝਿਆ ਜਾਂਦਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਲਸਤੀਨ ਸਮਰਥਕ ਵਿਦੇਸ਼ੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਪ੍ਰੋਗਰਾਮ ਤਹਿਤ ਇਹ ਫੜੋਫੜੀ ਕੀਤੀ ਜਾ ਰਹੀ ਹੈ।
ਭਾਰਤੀ ਵਿਦਿਆਰਥਣ ਤੇ ਸਕਾਲਰ ਸ੍ਰੀਨਿਵਾਸਨ ਨੇ ਅੱਤਵਾਦ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ * ਕੋਲੰਬੀਆ ਯੁਨੀਵਰਸਿਟੀ ਤੋਂ ਨਿਆਂ ਦੀ ਕੀਤੀ ਮੰਗ
