ਸੈਕਰਾਮੈਂਟੋ, 16 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚਲੇ ਭਾਰਤੀ ਰਾਜਦੂਤ ਵਿਨੇ ਮੋਹਨ ਕਵਾਤਰਾ ਨੇ ਅਮਰੀਕੀ ਕਾਂਗਰਸ ਦੇ ਅਨੇਕਾਂ ਪ੍ਰਮੁੱਖ ਮੈਂਬਰਾਂ ਨਾਲ ਵੱਖਰੇ-ਵੱਖਰੇ ਤੌਰ ‘ਤੇ ਮੀਟਿੰਗ ਕੀਤੀ, ਜਿਸ ਦੌਰਾਨ ਵੱਖ-ਵੱਖ ਖੇਤਰਾਂ ਵਿਚ ਭਾਰਤ-ਅਮਰੀਕਾ ਸਬੰਧਾਂ ਨੂੰ ਨਿਰੰਤਰ ਮਜ਼ਬੂਤ ਬਣਾਉਣ ਬਾਰੇ ਚਰਚਾ ਹੋਈ। ਕਵਾਤਰਾ ਨੇ ਜਿਨ੍ਹਾਂ ਕਾਂਗਰਸ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ, ਉਨ੍ਹਾਂ ਵਿਚ ਕਾਂਗਰਸਵੋਮੈਨ ਡੇਬੋਰਾਹ ਰੌਸ, ਕਾਂਗਰਸਮੈਨ ਐਂਡੀ ਬਰ, ਰਿਕ ਮਕੋਰਮਿਕ ਤੇ ਭਾਰਤੀ-ਅਮਰੀਕੀ ਕਾਂਗਰਸਮੈਨ ਐਮੀ ਬੇਰਾ, ਆਰ.ਓ. ਖੰਨਾ, ਸ਼੍ਰੀ ਥਾਨੇਦਾਰ ਤੇ ਰਾਜਾ ਕ੍ਰਿਸ਼ਨਾਮੂਰਤੀ ਸ਼ਾਮਲ ਹਨ। ਮੀਟਿੰਗਾਂ ਦੌਰਾਨ ਭਾਰਤ-ਅਮਰੀਕਾ ਦੁਪਾਸੜ ਸਬੰਧ ਚਰਚਾ ਦਾ ਕੇਂਦਰ ਬਿੰਦੂ ਰਿਹਾ। ਕਵਾਤਰਾ ਨੇ ਦੋਨਾਂ ਦੇਸ਼ਾਂ ਵਿਚਾਲੇ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਜੋਰ ਦਿੱਤਾ। ਦੁਪਾਸੜ ਹਿੱਤਾਂ ਨੂੰ ਮੁੱਖ ਰੱਖ ਕੇ ਕੌਮਾਂਤਰੀ ਘਟਨਾਕ੍ਰਮ ਬਾਰੇ ਵੀ ਚਰਚਾ ਹੋਈ। ਕਵਾਤਰਾ ਤੇ ਆਰ.ਓ. ਖੰਨਾ ਜੋ ਸਦਨ ਵਿਚ ਭਾਰਤੀ ਗੁੱਟ ਦੇ ਸਹਿ ਪ੍ਰਧਾਨ ਹਨ, ਵਿਚਾਲੇ ਬਹੁਤ ਮਹੱਤਵਪੂਰਨ ਵਿਚਾਰ-ਵਟਾਂਦਰਾ ਹੋਇਆ। ਜ਼ਿਕਰਯੋਗ ਹੈ ਕਿ ਬੇਰਾ ਅਤੇ ਖੰਨਾ ਨੇ ਸਾਂਝੇ ਤੌਰ ‘ਤੇ ਅਮਰੀਕਾ ਤੇ ਭਾਰਤ ਵਿਚਾਲੇ ਰੱਖਿਆ ਖੇਤਰ ਵਿਚ ਸਹਿਯੋਗ ਵਧਾਉਣ ਲਈ ਬਿੱਲ ਪੇਸ਼ ਕੀਤਾ ਸੀ। ਕਾਂਗਰਸ ਮੈਂਬਰ ਕ੍ਰਿਸ਼ਨਾਮੂਰਤੀ ਜਿਨ੍ਹਾਂ ਦੀ ਹਾਲ ਹੀ ਵਿਚ ਟਰੰਪ ਪ੍ਰਸ਼ਾਸਨ ਵਿਚ ਨਿਯੁਕਤੀ ਹੋਈ ਹੈ, ਸ਼੍ਰੀ ਥਾਨੇਦਾਰ ਤੇ ਮਕੋਰਮਿਕ ਨਾਲ ਹੋਏ ਵਿਚਾਰ-ਵਟਾਂਦਰੇ ਦੌਰਾਨ ਵੀ ਦੋਨਾਂ ਦੇਸ਼ਾਂ ਵਿਚਾਲੇ ਸਬੰਧ ਚਰਚਾ ਦਾ ਮੁੱਖ ਵਿਸ਼ਾ ਰਿਹਾ।