#AMERICA

ਭਾਰਤੀ ਮੂਲ ਦੇ ਸਾਬਕਾ ਪੁਲਿਸ ਅਧਿਕਾਰੀ ਅਮਿਤੋਜ ਓਬਰਾਏ ਨੂੰ 15 ਸਾਲ ਦੀ ਸਜ਼ਾ

ਨਿਊਜਰਸੀ, 21 ਅਗਸਤ (ਪੰਜਾਬ ਮੇਲ)- ਨਿਊਜਰਸੀ ਦੇ ਸ਼ਹਿਰ ਐਡੀਸਨ ਟਾਊਨਸ਼ਿਪ ਵਿਖੇ ਭਾਰਤੀ ਮੂਲ ਦੇ ਸਾਬਕਾ ਪੁਲਿਸ ਅਧਿਕਾਰ 31 ਸਾਲਾ ਅਮਿਤੋਜ ਓਬਰਾਏ ਨੂੰ ਸ਼ਰਾਬੀ ਹਾਲਤ ‘ਚ ਤੇਜ਼ ਰਫਤਾਰ ਕਾਰ ਚਲਾਉਣ ਕਾਰਨ ਹੋਏ ਹਾਦਸੇ ਲਈ ਅਦਾਲਤ ਵੱਲੋਂ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਦੁਰਘਟਨਾ ‘ਚ ਦੋ ਯਾਤਰੀਆਂ ਦੀ ਮੌਤ ਹੋ ਗਈ ਸੀ। ਹਾਦਸਾ ਅਗਸਤ 2023 ਵਿਚ ਹੋਇਆ ਸੀ।
ਸਮਰਸੈਟ ਕਾਉਂਟੀ ਸੁਪੀਰੀਅਰ ਕੋਰਟ ਦੇ ਜੱਜ ਨੇ ਅਮਿਤੋਜ ਓਬਰਾਏ ਨੂੰ ਹਾਦਸੇ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਫਸਟ ਡਿਗਰੀ ਦੇ ਹੱਤਿਆ ਦੇ ਦੋਸ਼ ਤਹਿਤ 15 ਸਾਲਾਂ ਦੀ ਸਜ਼ਾ ਸੁਣਾਈ ਹੈ। ਇਸ ਸਜ਼ਾ ਦੌਰਾਨ ਓਬਰਾਏ ਨੂੰ 85 ਫੀਸਦੀ ਦਾ ਸਮਾਂ ਜੇਲ੍ਹ ਵਿਚ ਰਹਿਣਾ ਪਵੇਗਾ।
ਅਮਿਤੋਜ ਓਬਰਾਏ ਹਾਦਸੇ ਮੌਕੇ ਔਡੀ ਕਿਊ 7 ਚਲਾ ਰਿਹਾ ਸੀ। ਉਸ ਦੀ ਕਾਰ ਦੀ ਰਫਤਾਰ ਕਾਫੀ ਤੇਜ਼ ਸੀ। ਹਾਦਸੇ ਦੌਰਾਨ ਉਸ ਤੋਂ ਬਰੇਕ ਨਹੀਂ ਲੱਗੀ ਤੇ ਕਾਰ ਦਰੱਖਤਾਂ, ਖੰਭਿਆਂ ਆਦਿ ਵਿਚ ਟਕਰਾ ਕੇ ਸੜਕ ‘ਤੇ ਉਲਟ ਗਈ।
ਓਬਰਾਏ ਦੇ ਖੂਨ ਵਿਚ ਅਲਕੋਹਲ ਦੀ ਮਾਤਰਾ ਕਾਨੂੰਨੀ ਸੀਮਾ ਤੋਂ ਕਿਤੇ ਵੱਧ ਸੀ। ਇਸ ਦੌਰਾਨ ਉਹ ਖੁਦ ਵੀ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਟਰੋਮਾ ਸੈਂਟਰ ਲਿਜਾਇਆ ਗਿਆ। ਪੁਲਿਸ ਵਿਭਾਗ ਅਨੁਸਾਰ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। 18 ਜੂਨ, 2024 ਨੂੰ ਓਬਰਾਏ ਨੇ ਆਪਣੇ ‘ਤੇ ਲੱਗੇ ਦੋਸ਼ ਕਬੂਲ ਲਏ ਸਨ।
ਜ਼ਿਕਰਯੋਗ ਹੈ ਕਿ ਇਸ ਹਾਦਸੇ ਦੌਰਾਨ ਪੇਰੇਜ਼ ਗੈਟਨ ਅਤੇ ਕੈਬਰੇਰਾ ਫਰਾਂਸਿਸਕੋ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦਕਿ ਇਕ ਹੋਰ ਯਾਤਰੀ ਇਸ ਮੌਕੇ ਜ਼ਖਮੀ ਹੋਇਆ ਸੀ।