#AMERICA

ਭਾਰਤੀ ਮੂਲ ਦੀ ਡਾਕਟਰ ਵਿਰੁੱਧ ਆਪਣੀ ਹੀ ਧੀ ਦੀ ਹੱਤਿਆ ਦੇ ਦੋਸ਼ ਆਇਦ

ਸੈਕਰਾਮੈਂਟੋ, 5 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਐਲ ਪੋਰਟਲ, ਫਲੋਰਿਡਾ ਵਿਚ ਇਕ ਭਾਰਤੀ ਮੂਲ ਦੀ ਬੱਚਿਆਂ ਦੀ ਮਾਹਿਰ ਡਾਕਟਰ ਨੇਹਾ ਗੁਪਤਾ (27) ਵਿਰੁੱਧ ਆਪਣੀ ਹੀ ਧੀ ਦੀ ਮੌਤ ਦੇ ਮਾਮਲੇ ਵਿਚ ਦੂਸਰਾ ਦਰਜਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਸ਼ੁਰੂ ਵਿਚ ਸਮਝਿਆ ਗਿਆ ਸੀ ਕਿ ਗੁਪਤਾ ਦੀ 4 ਸਾਲਾ ਧੀ ਆਰੀਆ ਤਲਾਥੀ ਦੀ ਮੌਤ ਕਿਰਾਏ ਦੇ ਘਰ ਵਿਚਲੇ ਤਲਾਬ ‘ਚ ਡੁੱਬਣ ਕਾਰਨ ਹੋਈ ਹੈ। ਗੁਪਤਾ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਉਹ ਸੌਂ ਰਹੀ ਸੀ ਤੇ ਰੌਲਾ ਸੁਣ ਕੇ ਉੱਠੀ, ਤਾਂ ਉਸ ਨੇ ਵੇਖਿਆ ਕਿ ਉਸ ਦੀ ਧੀ ਤਾਲਾਬ ਵਿਚ ਡਿੱਗੀ ਹੋਈ ਸੀ, ਉਸ ਨੂੰ ਤੈਰਨਾ ਨਹੀਂ ਸੀ ਆਉਂਦਾ, ਇਸ ਲਈ ਉਹ ਉਸ ਨੂੰ ਬਚਾਅ ਨਾ ਸਕੀ। ਪਰੰਤੂ ਹੁਣ ਇਹ ਮਾਮਲਾ ਨਵਾਂ ਮੋੜ ਲੈ ਗਿਆ ਹੈ। ਗ੍ਰਿਫਤਾਰੀ ਹਲਫੀਆ ਬਿਆਨ ਅਨੁਸਾਰ ਪੋਸਟ ਮਾਰਟਮ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੱਚੀ ਦੇ ਫੇਫੜੇ ਤੇ ਪੇਟ ਵਿਚ ਬਿਲਕੁਲ ਵੀ ਪਾਣੀ ਨਹੀਂ ਸੀ। ਇਸ ਦੀ ਮੌਤ ਡੁੱਬਣ ਨਾਲ ਨਹੀਂ ਹੋਈ, ਬਲਕਿ ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ। ਤਾਲਾਬ ਵਿਚ ਡੁੱਬਣ ਦੀ ਕਹਾਣੀ ਹੱਤਿਆ ਨੂੰ ਛੁਪਾਉਣ ਲਈ ਘੜੀ ਗਈ ਹੈ। ਇਕ ਰਿਪੋਰਟ ਅਨੁਸਾਰ ਬੱਚੀ ਦੀ ਸਾਂਭ ਸੰਭਾਲ ਨੂੰ ਲੈ ਕੇ ਗੁਪਤਾ ਤੇ ਉਸ ਦੇ ਪਤੀ ਡਾ. ਸੌਰਭ ਤਲਾਥੀ ਵਿਚਾਲੇ ਝਗੜਾ ਚੱਲ ਰਿਹਾ ਸੀ, ਜਿਸ ਤੋਂ ਗੁਪਤਾ ਪ੍ਰੇਸ਼ਾਨ ਸੀ। ਦੋਸ਼ਾਂ ਦੇ ਮੱਦੇਨਜਰ ਯੂਨੀਵਰਸਿਟੀ ਆਫ ਓਕਲਾਹੋਮਾ ਨੇ ਗੁਪਤਾ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਸਮੇ ਉਹ ਬਿਨਾਂ ਬੌਂਡ ਜੇਲ ਵਿਚ ਹੈ ਤੇ ਉਸ ਨੂੰ ਓਕਲਾਹੋਮਾ ਤੋਂ ਫਲੋਰਿਡਾ ਲਿਆਂਦਾ ਗਿਆ ਹੈ।