ਕਿਰਗਿਜ਼ਸਤਾਨ ਦੀ ਖਿਡਾਰਨ ਖਿਲਾਫ ਬਰਾਬਰੀ ਤੋਂ ਬਾਅਦ ਵੀ ਆਖਰੀ ਅੰਕ ਗੁਆਉਣ ਕਾਰਨ ਮਿਲੀ ਹਾਰ
ਪੈਰਿਸ, 10 ਅਗਸਤ (ਪੰਜਾਬ ਮੇਲ)- ਭਾਰਤੀ ਪਹਿਲਵਾਨ ਰੀਤਿਕਾ ਹੁੱਡਾ ਨੂੰ ਪੈਰਿਸ ਓਲੰਪਿਕ ਮਹਿਲਾ ਕੁਸ਼ਤੀ ਦੇ 76 ਕਿੱਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿਚ ਕਿਰਗਿਜ਼ਸਤਾਨ ਦੀ ਆਇਪੈਰੀ ਮੈਡੇਤ ਖਿਲਾਫ ਬਰਾਬਰੀ ਤੋਂ ਬਾਅਦ ਆਖਰੀ ਅੰਕ ਗੁਆਉਣ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ। ਆਪਣਾ ਪਹਿਲਾ ਓਲੰਪਿਕ ਖੇਡ ਰਹੀ 21 ਸਾਲਾਂ ਦੀ ਰੀਤਿਕਾ ਨੇ ਸਿਖਰਲਾ ਦਰਜਾ ਪ੍ਰਾਪਤ ਪਹਿਲਵਾਨ ਨੂੰ ਸਖਤ ਟੱਕਰ ਦਿੱਤੀ ਅਤੇ ਸ਼ੁਰੂਆਤੀ ਪੀਰੀਅਡ ਵਿਚ ਉਹ ਇਕ ਅੰਕ ਦੀ ਬੜ੍ਹਤ ਬਣਾਉਣ ਵਿਚ ਸਫਲ ਰਹੀ। ਦੂਜੇ ਪੀਰੀਅਡ ਵਿਚ ਰੀਤਿਕਾ ਨੇ ਸਖਤ ਟੱਕਰ ਦੇਣ ਦੇ ਬਾਵਜੂਦ ‘ਪੈਸੀਵਿਟੀ (ਅਤਿ ਰੱਖਿਆਤਮਕ ਰਵੱਈਆ)’ ਕਾਰਨ ਇਕ ਅੰਕ ਗੁਆਇਆ, ਜੋ ਕਿ ਇਸ ਮੈਚ ਦਾ ਆਖਰੀ ਅੰਕ ਸਾਬਿਤ ਹੋਇਆ।
ਨਿਯਮਾਂ ਮੁਤਾਬਕ ਮੁਕਾਬਲਾ ਬਰਾਬਰ ਰਹਿਣ ‘ਤੇ ਆਖਰੀ ਅੰਕ ਬਣਾਉਣ ਵਾਲੇ ਖਿਡਾਰੀ ਨੂੰ ਜੇਤੂ ਐਲਾਨਿਆ ਗਿਆ ਹੈ। ਕਿਰਗਿਜ਼ਸਤਾਨ ਦੀ ਪਹਿਲਵਾਨ ਜੇ ਫਾਈਨਲ ਵਿਚ ਪਹੁੰਚਦੀ ਹੈ, ਤਾਂ ਰੀਤਿਕਾ ਕੋਲ ਰੈਪਚੇਜ਼ ਨਾਲ ਕਾਂਸੀ ਤਗ਼ਮਾ ਹਾਸਲ ਕਰਨ ਦਾ ਮੌਕਾ ਹੋਵੇਗਾ। ਇਸ ਭਾਰ ਵਰਗ ਵਿਚ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਦੇਸ਼ ਦੀ ਪਹਿਲੀ ਪਹਿਲਵਾਨ ਰੀਤਿਕਾ ਨੇ ਇਸ ਤੋਂ ਪਹਿਲਾਂ ਤਕਨੀਕੀ ਮੁਹਾਰਤ ਨਾਲ ਜਿੱਤ ਹਾਸਲ ਕਰ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਸੀ। ਉਸ ਨੇ ਪ੍ਰੀ-ਕੁਆਰਟਰ ਫਾਈਨਲ ਵਿਚ ਹੰਗਰੀ ਦੀ ਬਰਨਾਡੇਟ ਨੇਗੀ ਨੂੰ 12-12 ਤੋਂ ਤਕਨੀਕੀ ਮੁਹਾਰਤ ਨਾਲ ਹਰਾਇਆ।