#INDIA

ਭਾਰਤੀ ਨਿਗਰਾਨੀ ਸੰਸਥਾ ਡੀ.ਜੀ.ਸੀ.ਏ. ਨੇ ਏਅਰ ਇੰਡੀਆ ਤੋਂ ਮੰਗਿਆ ਸਿਖਲਾਈ ਡੇਟਾ

ਨਵੀਂ ਦਿੱਲੀ, 18 ਜੂਨ (ਪੰਜਾਬ ਮੇਲ)- ਭਾਰਤ ਦੀ ਹਵਾਬਾਜ਼ੀ ਸੁਰੱਖਿਆ ਨਿਗਰਾਨੀ ਸੰਸਥਾ ‘ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ’ ਨੇ ਏਅਰ ਇੰਡੀਆ ਤੋਂ ਪਿਛਲੇ ਹਫ਼ਤੇ ਹਾਦਸਾਗ੍ਰਸਤ ਹੋਏ ਜਹਾਜ਼ ਦੇ ਪਾਇਲਟਾਂ ਅਤੇ ਡਿਸਪੈਚਰ ਦੇ ਸਿਖਲਾਈ ਰਿਕਾਰਡ ਮੰਗੇ ਹਨ। ਇਹ ਮੰਗ ਇਹ ਹਾਦਸੇ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ, ਜਿਸ ਵਿਚ ਘੱਟੋ-ਘੱਟ 271 ਲੋਕ ਮਾਰੇ ਗਏ ਸਨ।
ਰਾਇਟਰਜ਼ ਵੱਲੋਂ ਦੇਖੇ ਗਏ ਗੁਪਤ ਮੈਮੋਜ਼ ਅਨੁਸਾਰ, ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ ਸਾਰੇ ਫਲਾਇੰਗ ਸਕੂਲਾਂ ਨੂੰ ਸਿਖਲਾਈ ਨਿਯਮਾਂ ਦੀ ਪਾਲਣਾ ਦੀ ਜਾਂਚ ਕਰਨ ਲਈ ਵੀ ਕਿਹਾ ਹੈ।
ਡੀ.ਜੀ.ਸੀ.ਏ. ਨੇ ਕਿਹਾ ਕਿ ਇਹ ਮੰਗਾਂ ਹਾਦਸੇ ਦੀ ਰੈਗੂਲੇਟਰੀ ਸਮੀਖਿਆ ਦਾ ਹਿੱਸਾ ਸਨ ਅਤੇ ਪਿਛਲੇ ਕੁਝ ਮਹੀਨਿਆਂ ਵਿਚ ਏਅਰ ਇੰਡੀਆ ਦੇ ਨਿਗਰਾਨੀ ਸੰਸਥਾ ਦੇ ਆਡਿਟ ਤੋਂ ਬਾਅਦ ਕੀਤੀ ਗਈ ਕਾਰਵਾਈ ਦਾ ਵੇਰਵਾ ਵੀ ਮੰਗਿਆ ਹੈ। ਸੋਮਵਾਰ ਤੱਕ ਵੇਰਵੇ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਇਹ ਸਪੱਸ਼ਟ ਨਹੀਂ ਸੀ ਕਿ ਏਅਰ ਇੰਡੀਆ ਨੇ ਨਿਰਦੇਸ਼ ਦੀ ਪਾਲਣਾ ਕੀਤੀ ਸੀ ਜਾਂ ਨਹੀਂ।
ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੇ ਪਾਇਲਟ ਸੁਮੀਤ ਸਭਰਵਾਲ ਬਾਰੇ ਭਾਰਤ ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਕੋਲ 8,200 ਘੰਟਿਆਂ ਦਾ ਉਡਾਣ ਦਾ ਤਜ਼ਰਬਾ ਸੀ। ਉਹ ਏਅਰ ਇੰਡੀਆ ਦੇ ਇੰਸਟ੍ਰਕਟਰ ਵੀ ਸਨ ਅਤੇ ਫਲਾਈਟ ਏ.ਆਈ. 171 ਦੇ ਕਮਾਂਡਿੰਗ ਪਾਇਲਟ ਸਨ। ਉਨ੍ਹਾਂ ਦੇ ਸਹਿ-ਪਾਇਲਟ ਕਲਾਈਵ ਕੁੰਡਰ ਸਨ, ਜਿਨ੍ਹਾਂ ਕੋਲ 1,100 ਘੰਟਿਆਂ ਦਾ ਤਜ਼ਰਬਾ ਸੀ।
ਨਿਗਰਾਨੀ ਸੰਸਥਾ ਨੇ ਪਾਇਲਟਾਂ ਦੇ ਨਾਲ-ਨਾਲ ਫਲਾਈਟ ਡਿਸਪੈਚਰ ਲਈ ਸਿਖਲਾਈ ਦੇ ਵੇਰਵੇ ਅਤੇ ਸਹਾਇਕ ਦਸਤਾਵੇਜ਼ਾਂ ਦੀ ਮੰਗ ਕੀਤੀ ਹੈ। ਮੈਮੋ ਵਿਚ ਲੋੜੀਂਦੇ ਦਸਤਾਵੇਜ਼ਾਂ ਦੀ ਕਿਸਮ ਬਾਰੇ ਵਿਸਥਾਰ ਵਿਚ ਨਹੀਂ ਦੱਸਿਆ ਗਿਆ ਹੈ, ਪਰ ਦੁਰਘਟਨਾ ਦੀਆਂ ਜਾਂਚ ਵਿਚ ਆਮ ਤੌਰ ‘ਤੇ ਅਮਲੇ ਦੀ ਸਿਖਲਾਈ ਅਤੇ ਯੋਗਤਾਵਾਂ, ਉਡਾਣ ਦਾ ਇਤਿਹਾਸ, ਮੈਡੀਕਲ ਰਿਕਾਰਡ ਅਤੇ ਉਨ੍ਹਾਂ ਵਿਰੁੱਧ ਪਹਿਲਾਂ ਕੀਤੀ ਗਈ ਕੋਈ ਵੀ ਕਾਰਵਾਈ ਸ਼ਾਮਲ ਹੁੰਦੀ ਹੈ।