#INDIA

ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਫਾਂਸੀ ਦੀ ਸਜ਼ਾ ਮੁਲਤਵੀ

– ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਰੁਕੀ ਕਾਰਵਾਈ
– ਭਾਰਤ ਵੱਲੋਂ ਸ਼ੁਰੂ ਤੋਂ ਹੀ ਕੀਤੀ ਜਾ ਰਹੀ ਹੈ ਹਰ ਸੰਭਵ ਮਦਦ
ਨਵੀਂ ਦਿੱਲੀ, 16 ਜੁਲਾਈ (ਪੰਜਾਬ ਮੇਲ)- ਸਰਕਾਰੀ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਯਮਨ ਵਿਚ ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੀ ਭਾਰਤੀ ਨਰਸ ਕੇਰਲ ਦੀ ਨਿਮਿਸ਼ਾ ਪ੍ਰਿਆ ਦੀ ਫਾਂਸੀ ਦੀ ਕਾਰਵਾਈ ਯਮਨ ਦੇ ਅਧਿਕਾਰੀਆਂ ਨੇ ਮੁਲਤਵੀ ਕਰ ਦਿੱਤੀ ਹੈ। ਉਸ ਨੂੰ ਫਾਂਸੀ ਦੇਣ ਲਈ ਬੁੱਧਵਾਰ ਦੀ ਤਰੀਕ ਤੈਅ ਕੀਤੀ ਗਈ ਸੀ।
ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਕੋਲੇਨਗੋਡ ਦੀ ਰਹਿਣ ਵਾਲੀ ਪ੍ਰਿਆ ਨੂੰ ਜੁਲਾਈ 2017 ਵਿਚ ਹੋਈ ਇੱਕ ਯਮਨੀ ਨਾਗਰਿਕ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਇਹ ਪਤਾ ਲੱਗਾ ਹੈ ਕਿ ਯਮਨ ਦੇ ਸਥਾਨਕ ਅਧਿਕਾਰੀਆਂ ਨੇ 16 ਜੁਲਾਈ ਨੂੰ ਨਿਰਧਾਰਤ ਫਾਂਸੀ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਹਾਲ ਹੀ ਦੇ ਦਿਨਾਂ ਵਿਚ ਪ੍ਰਿਆ ਦੇ ਪਰਿਵਾਰ ਨੂੰ ਦੂਜੀ ਧਿਰ ਨਾਲ ”ਆਪਸੀ ਸਹਿਮਤੀ ਵਾਲੇ” ਹੱਲ ‘ਤੇ ਪਹੁੰਚਣ ਲਈ ਹੋਰ ਸਮਾਂ ਮੰਗਣ ਲਈ ਠੋਸ ਯਤਨ ਕੀਤੇ ਹਨ।
2020 ਵਿਚ, ਇੱਕ ਯਮਨ ਦੀ ਅਦਾਲਤ ਨੇ ਉਸਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਦੇਸ਼ ਦੀ ਸੁਪਰੀਮ ਜੁਡੀਸ਼ੀਅਲ ਕੌਂਸਲ ਨੇ ਨਵੰਬਰ 2023 ਵਿਚ ਇਸ ਸਜ਼ਾ ਖ਼ਿਲਾਫ਼ ਉਸਦੀ ਅਪੀਲ ਖਾਰਜ ਕਰ ਦਿੱਤੀ। 38 ਸਾਲਾ ਨਰਸ ਇਸ ਸਮੇਂ ਯਮਨ ਦੀ ਰਾਜਧਾਨੀ ਸਨਾ ਦੀ ਇੱਕ ਜੇਲ੍ਹ ਵਿਚ ਬੰਦ ਹੈ, ਜੋ ਕਿ ਇਰਾਨ ਸਮਰਥਿਤ ਹੂਥੀ/ਹੋਸੀ ਬਾਗ਼ੀਆਂ ਦੇ ਕੰਟਰੋਲ ਹੇਠ ਹੈ।
ਸੂਤਰਾਂ ਨੇ ਕਿਹਾ ਕਿ ਭਾਰਤ ਸਰਕਾਰ ਸ਼ੁਰੂ ਤੋਂ ਹੀ ਇਸ ਮਾਮਲੇ ਵਿਚ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨਾਲ ਜੁੜੀਆਂ ਸੰਵੇਦਨਸ਼ੀਲਤਾਵਾਂ ਦੇ ਬਾਵਜੂਦ, ਭਾਰਤੀ ਅਧਿਕਾਰੀ ਸਥਾਨਕ ਜੇਲ੍ਹ ਅਧਿਕਾਰੀਆਂ ਅਤੇ ਸਰਕਾਰੀ ਵਕੀਲ ਦੇ ਦਫ਼ਤਰ ਨਾਲ ਨਿਯਮਤ ਸੰਪਰਕ ਵਿਚ ਰਹੇ ਹਨ, ਜਿਸ ਕਾਰਨ ਸੁਣਵਾਈ ਮੁਲਤਵੀ ਹੋ ਗਈ।
ਪ੍ਰਿਆ ਦੀ ਮਾਂ ਪ੍ਰੇਮਾਕੁਮਾਰੀ ਨੇ ਉਸਦੀ ਰਿਹਾਈ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਪਿਛਲੇ ਸਾਲ ਯਮਨ ਦੀ ਯਾਤਰਾ ਕੀਤੀ ਸੀ। ਭਾਰਤੀ ਪੱਖ ਨੇ ”ਦੀਅਤ” ਜਾਂ ”ਬਲੱਡ ਮਨੀ” ਦਾ ਭੁਗਤਾਨ ਕਰਕੇ ਪ੍ਰਿਆ ਦੀ ਰਿਹਾਈ ਯਕੀਨੀ ਬਣਾਉਣ ਦਾ ਵਿਕਲਪ ਵੀ ਤਲਾਸ਼ਿਆ ਸੀ। ਪਰ ਪਤਾ ਲੱਗਾ ਹੈ ਕਿ ਇਸ ਵਿਚ ਵੀ ਕੁਝ ਸਮੱਸਿਆਵਾਂ ਆਈਆਂ।