-ਦੋਵਾਂ ਦੇਸ਼ਾਂ ਨੇ ਫੌਰੀ ਤਾਲਮੇਲ ਵਾਲੀ ਕਾਰਵਾਈ ਦਾ ਸ਼ਾਨਦਾਰ ਨਮੂਨਾ ਕੀਤਾ ਪੇਸ਼
ਅਹਿਮਦਾਬਾਦ, 5 ਦਸੰਬਰ (ਪੰਜਾਬ ਮੇਲ)- ਫੌਰੀ ਤਾਲਮੇਲ ਵਾਲੀ ਕਾਰਵਾਈ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦਿਆਂ ਭਾਰਤੀ ਤੱਟ ਰੱਖਿਅਕ (ਆਈ.ਸੀ.ਜੀ.) ਨੇ ਉੱਤਰੀ ਅਰਬ ਸਾਗਰ ਵਿਚ 4 ਦਸੰਬਰ ਨੂੰ ਡੁੱਬੇ ਭਾਰਤੀ ਬੇੜੇ ਐਮ.ਐੱਸ.ਵੀ. ਅਲ ਪਿਰਾਨਪੀਰ ਦੇ 12 ਜਹਾਜ਼ੀਆਂ ਨੂੰ ਸਫਲਤਾਪੂਰਵਕ ਬਚਾਅ ਲਿਆ। ਇੱਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਬਿਆਨ ਮੁਤਾਬਕ, ਇਸ ਮਾਨਵੀ ਖੋਜ ਤੇ ਬਚਾਅ ਮਿਸ਼ਨ ਤਹਿਤ ਭਾਰਤੀ ਤੱਟਰੱਖਿਅਕ ਬਲ ਅਤੇ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਏਜੰਸੀ (ਪੀ.ਐੱਮ.ਐੱਸ.ਏ.) ਦਰਮਿਆਨ ਮਜ਼ਬੂਤ ਸਹਿਯੋਗ ਨਾਲ ਦੋਵਾਂ ਦੇਸ਼ਾਂ ਦੇ ਸਮੁੰਦਰੀ ਸਹਿਯੋਗ ਕੇਂਦਰਾਂ (ਐੱਮ.ਆਰ.ਸੀ.ਸੀ.) ਨੇ ਪੂਰੀ ਮੁਹਿੰਮ ਦੌਰਾਨ ਲਗਾਤਾਰ ਸੰਪਰਕ ਬਣਾਈ ਰੱਖਿਆ।
ਭਾਰਤੀ ਤੱਟ ਰੱਖਿਅਕ ਬਲ ਨੇ ‘ਐਕਸ’ ‘ਤੇ ਕਿਹਾ, ”ਭਾਰਤੀ ਤੱਟ ਰੱਖਿਅਕ ਦੇ ਬੇੜੇ ‘ਸਾਰਥਕ’ ਨੇ ਉੱਤਰੀ ਅਰਬ ਸਾਗਰ ਤੋਂ ਡੁੱਬੇ ਹੋਏ ਧੋ ਅਲ ਪਿਰਾਨਪੀਰ ਦੇ ਭਾਰਤੀ ਚਾਲਕ ਦਲ ਦੇ 12 ਮੈਂਬਰਾਂ ਦਾ ਸਫਲਤਾਪੂਰਵਕ ਬਚਾਅ ਕੀਤਾ। ਜਹਾਜ਼ 4 ਦਸੰਬਰ 2024 ਨੂੰ ਡੁੱਬ ਗਿਆ ਸੀ। ਹਾਲਾਂਕਿ, ਚਾਲਕ ਦਲ ਜਹਾਜ਼ ਤੋਂ ਇੱਕ ਡੌਂਗੀ ‘ਤੇ ਚੜ੍ਹ ਗਏ ਸਨ। ਇਸ ਮਾਨਵੀ ਮਿਸ਼ਨ ਵਿਚ ਆਈ.ਸੀ.ਜੀ. ਪਾਕਿਸਤਾਨ ਐੱਮ.ਐੱਸ.ਏ. ਦਰਮਿਆਨ ਮਜ਼ਬੂਤ ਸਹਿਯੋਗ ਦੇਖਣ ਨੂੰ ਮਿਲਿਆ, ਜਿਸ ਵਿਚ ਦੋਵਾਂ ਦੇਸ਼ਾਂ ਦੇ ਐੱਮ.ਆਰ.ਸੀ.ਸੀ. ਨੇ ਪੂਰੇ ਅਪਰੇਸ਼ਨ ਦੌਰਾਨ ਤਾਲਮੇਲ ਬਣਾਈ ਰੱਖਿਆ ਅਤੇ ਪਾਕਿਸਤਾਨ ਐੱਮ.ਐੱਸ.ਏ. ਜਹਾਜ਼ਾਂ ਨੇ ਜਿੰਦਾ ਬਚੇ ਲੋਕਾਂ ਨੂੰ ਲੱਭਣ ਵਿਚ ਮਦਦ ਕੀਤੀ। ਬਚਾਏ ਗਏ ਜਹਾਜ਼ੀਆਂ ਨੂੰ ਪੋਰਬੰਦਰ ਲਿਆਂਦਾ ਗਿਆ ਹੈ।
ਧੋ ਅਲ ਪਿਰਾਨਪੀਰ, ਜੋ ਪੋਰਬੰਦਰ ਤੋਂ ਬੰਦਰ ਅੱਬਾਸ, ਇਰਾਨ ਲਈ ਰਵਾਨਾ ਹੋਇਆ ਸੀ, ਕਥਿਤ ਤੌਰ ‘ਤੇ 4 ਦਸੰਬਰ ਨੂੰ ਸਵੇਰੇ ਸਮੁੰਦਰ ਵਿਚ ਉੱਥਲ-ਪੁੱਥਲ ਅਤੇ ਹੜ੍ਹ ਕਾਰਨ ਡੁੱਬ ਗਿਆ ਸੀ।