ਚੰਡੀਗੜ੍ਹ, 19 ਨਵੰਬਰ (ਪੰਜਾਬ ਮੇਲ)- ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਤਰਨਤਾਰਨ ਉਪ-ਚੋਣ ‘ਚ ਦਰਜ ਐੱਫ.ਆਈ.ਆਰ. ਦੇ ਮੁੱਦੇ ‘ਤੇ 25 ਨਵੰਬਰ ਨੂੰ ਕੌਮੀ ਰਾਜਧਾਨੀ ਸਥਿਤ ਹੈੱਡਕੁਆਰਟਰ ‘ਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਸੂਤਰਾਂ ਅਨੁਸਾਰ ਈ.ਸੀ.ਆਈ. ਨੇ ਇਹ ਕਾਰਵਾਈ ਏ.ਡੀ.ਜੀ.ਪੀ. ਰਾਮ ਸਿੰਘ ਤੋਂ ਰਿਪੋਰਟ ਮਿਲਣ ਪਿੱਛੋਂ ਕੀਤੀ ਹੈ, ਜਿਨ੍ਹਾਂ ਨੂੰ ਇਸ ਮਾਮਲੇ ‘ਚ ਜਾਂਚ ਰਿਪੋਰਟ ਸੌਂਪਣ ਲਈ ਕਿਹਾ ਗਿਆ ਸੀ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਇਸ ਮੁੱਦੇ ‘ਤੇ ਚੋਣ ਅਬਜ਼ਰਵਰ ਨੂੰ ਸ਼ਿਕਾਇਤ ਕੀਤੀ ਸੀ ਕਿ ਪੁਲਿਸ ਅਕਾਲੀ ਦਲ ਦੇ ਵਰਕਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਤੋਂ ਬਾਅਦ ਈ.ਸੀ.ਆਈ. ਨੇ ਤਰਨਤਾਰਨ ਦੀ ਤੱਤਕਾਲੀਨ ਐੱਸ.ਐੱਸ.ਪੀ. ਡਾ. ਰਵਜੋਤ ਕੌਰ ਗਰੇਵਾਲ ਨੂੰ ਮੁਅੱਤਲ ਕਰ ਦਿੱਤਾ ਸੀ। ਧਿਆਨ ਰਹੇ ਕਿ ਪੋਲਿੰਗ ਤੋਂ 3 ਦਿਨ ਪਹਿਲਾਂ ਡਾ. ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕੀਤੇ ਜਾਣ ਤੋਂ ਬਾਅਦ ਈ. ਸੀ. ਆਈ. ਵੱਲੋਂ ਪੰਜਾਬ ਪੁਲਸ ਦੇ ਡੀ.ਜੀ.ਪੀ. ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ‘ਤੇ ਰਿਪੋਰਟ ਵੀ ਤਲਬ ਕੀਤੀ ਗਈ ਸੀ, ਜਿਸ ਨੂੰ ਏ.ਡੀ.ਜੀ.ਪੀ. ਰਾਮ ਸਿੰਘ ਵੱਲੋਂ ਈ.ਸੀ.ਆਈ. ਨੂੰ ਭੇਜਿਆ ਗਿਆ ਸੀ।
ਇਹ ਵੀ ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਉਪ-ਚੋਣ ਲਈ ਅਬਜ਼ਰਵਰ ਵਜੋਂ ਤਾਇਨਾਤ ਅਫਸਰ ਸ਼ਾਇਨੀ ਐੱਸ. ਦੀ ਰਿਪੋਰਟ ਵਿਚ ਤਰਨਤਾਰਨ, ਅੰਮ੍ਰਿਤਸਰ, ਬਟਾਲਾ ਤੇ ਮੋਗਾ ਜ਼ਿਲ੍ਹਿਆਂ ਵਿਚ ਪੰਜਾਬ ਪੁਲਸ ਵੱਲੋਂ ‘ਨਿਰਪੱਖ ਵਤੀਰੇ ‘ਚ ਗੰਭੀਰ ਕੁਤਾਹੀ’ ਤੇ ‘ਸੰਗਠਿਤ ਕਾਰਵਾਈ’ ਨੂੰ ਉਜਾਗਰ ਕਰਦੇ ਹੋਏ ਆਪਣੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜੀ ਗਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਇਨ੍ਹਾਂ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਅਕਾਲੀ ਦਲ ਦੇ ਵਰਕਰਾਂ ਖ਼ਿਲਾਫ਼ ਦਰਜ ਕੀਤੇ ਗਏ ਮਾਮਲੇ ਤੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ‘ਚ ਤਾਲਮੇਲ ਨਜ਼ਰ ਆਉਂਦਾ ਹੈ। ਸੰਭਵ ਤੌਰ ‘ਤੇ ਇਹੀ ਕਾਰਨ ਸੀ ਕਿ ਡਾ. ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕਰਨ ਅਤੇ ਡੀ.ਜੀ.ਪੀ. ਤੋਂ ਰਿਪੋਰਟ ਤਲਬ ਕਰਨ ਦਾ ਕਦਮ ਈ.ਸੀ.ਆਈ. ਵੱਲੋਂ ਚੁੱਕਿਆ ਗਿਆ ਸੀ।
ਚੋਣ ਕਮਿਸ਼ਨ ਵੱਲੋਂ ਡੀ.ਜੀ.ਪੀ. ਗੌਰਵ ਯਾਦਵ ਨੂੰ 36 ਘੰਟਿਆਂ ਅੰਦਰ ਕਾਰਵਾਈ ਰਿਪੋਰਟ ਪੇਸ਼ ਕਰਨ ਅਤੇ ਕਥਿਤ ਗਲਤ ਗ੍ਰਿਫਤਾਰੀਆਂ ਦੀ ਸਮੀਖਿਆ ਲਈ ਇਕ ਸੀਨੀਅਰ ਅਫਸਰ (ਅਡੀਸ਼ਨਲ ਡੀ.ਜੀ.ਪੀ. ਦੇ ਰੈਂਕ ਤੋਂ ਹੇਠਾਂ ਦਾ ਨਹੀਂ) ਨੂੰ ਤਾਇਨਾਤ ਕਰਨ ਦਾ ਹੁਕਮ ਦਿੱਤਾ ਗਿਆ ਸੀ।
ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਤਲਬ

