#INDIA

ਭਾਰਤੀ ਚੋਣਾਂ ਬਾਰੇ ਮਾਰਕ ਜ਼ੁਕਰਬਰਗ ਦੀਆਂ ਟਿੱਪਣੀਆਂ ਲਈ ਮੇਟਾ ਨੇ ਮੁਆਫ਼ੀ ਮੰਗੀ

ਨਵੀਂ ਦਿੱਲੀ, 15 ਜਨਵਰੀ (ਪੰਜਾਬ ਮੇਲ)- ਮੇਟਾ ਨੇ ਬੁੱਧਵਾਰ ਨੂੰ ਆਪਣੇ ਸੀ.ਈ.ਓ. ਮਾਰਕ ਜ਼ੁਕਰਬਰਗ ਵੱਲੋਂ ਦਿੱਤੇ ਗਏ ਉਸ ਝੂਠੇ ਬਿਆਨ ਲਈ ਮੁਆਫ਼ੀ ਮੰਗੀ, ਜਿਸ ਵਿਚ ਜ਼ੁਕਰਬਰਗ ਨੇ ਕਿਹਾ ਸੀ ਕਿ ਭਾਰਤ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ, ਜਿੱਥੇ ਕੋਵਿਡ-19 ਦੇ ਟਾਕਰੇ ਲਈ ਸਹੀ ਕਾਰਵਾਈ ਨਾ ਕਰਨ ਕਾਰਨ 2024 ‘ਚ ਹੋਈਆਂ ਚੋਣਾਂ ਦੌਰਾਨ ਵੱਖ-ਵੱਖ ਮੁਲਕਾਂ ਦੀਆਂ ਮੌਕੇ ਦੀਆਂ ਸਰਕਾਰਾਂ ਚੋਣ ਹਾਰ ਗਈਆਂ ਸਨ।
ਮੈਟਾ ਇੰਡੀਆ ਦੇ ਪਬਲਿਕ ਪਾਲਿਸੀ ਬਾਰੇ ਉਪ ਪ੍ਰਧਾਨ ਸ਼ਿਵਨਾਥ ਠੁਕਰਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਇਕ ਪੋਸਟ ਪਾ ਕੇ ਜ਼ੁਕਰਬਰਗ ਦੀ ਤਰਫ਼ੋਂ ਮੁਆਫ਼ੀ ਮੰਗ ਲਈ ਹੈ।
ਇਸ ਟਵੀਟ ਵਿਚ ਠੁਕਰਾਲ ਨੇ ਕਿਹਾ ਹੈ, ”ਪਿਆਰੇ ਮਾਣਯੋਗ ਮੰਤਰੀ ਮਾਰਕ ਦਾ ਇਹ ਨਿਰੀਖਣ ਕਿ 2024 ਦੀਆਂ ਚੋਣਾਂ ਵਿਚ ਬਹੁਤ ਸਾਰੀਆਂ ਮੌਜੂਦਾ (ਸੱਤਾਧਾਰੀ) ਪਾਰਟੀਆਂ ਦੁਬਾਰਾ ਨਹੀਂ ਚੁਣੀਆਂ ਗਈਆਂ, ਕਈ ਦੇਸ਼ਾਂ ਲਈ ਸੱਚ ਹੈ, ਪਰ ਭਾਰਤ ਲਈ ਨਹੀਂ। ਅਸੀਂ ਇਸ ਸਬੰਧੀ ਅਣਜਾਣੇ ਵਿਚ ਹੋਈ ਗ਼ਲਤੀ ਲਈ ਮੁਆਫ਼ੀ ਮੰਗਣਾ ਚਾਹੁੰਦੇ ਹਾਂ। ਭਾਰਤ ਮੈਟਾ ਲਈ ਇਕ ਬਹੁਤ ਮਹੱਤਵਪੂਰਨ ਦੇਸ਼ ਬਣਿਆ ਹੋਇਆ ਹੈ ਅਤੇ ਅਸੀਂ ਇਸ ਦੇ ਨਵੀਨਤਾਕਾਰੀ ਭਵਿੱਖ ਦੇ ਦਿਲ ਵਿਚ ਬਣੇ ਰਹਿਣ ਦੀ ਉਮੀਦ ਕਰਦੇ ਹਾਂ।”
ਠੁਕਰਾਲ ਨੇ ਪੋਸਟ ‘ਚ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ  ਨੂੰ ਟੈਗ ਕੀਤਾ ਹੈ। ਗ਼ੌਰਤਲਬ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਇਕ ਪ੍ਰਸਿੱਧ ਪੋਡਕਾਸਟ ‘ਤੇ ਮੈਟਾ ਮੁਖੀ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਜ਼ਾਹਰਾ ਤੌਰ ‘ਤੇ ਗਲਤ ਟਿੱਪਣੀਆਂ ਦੀ ਵੈਸ਼ਨਵ ਨੇ ਸਖ਼ਤ ਨਿਖੇਧੀ ਕੀਤੀ ਸੀ।
ਮੰਗਲਵਾਰ ਨੂੰ ਆਈ.ਟੀ. ਅਤੇ ਸੰਚਾਰ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਨਿਸ਼ੀਕਾਂਤ ਦੂਬੇ ਨੇ ਕਿਹਾ ਸੀ ਕਿ ਉਨ੍ਹਾਂ ਦੀ ਕਮੇਟੀ ਇਸ ਮਾਮਲੇ ‘ਤੇ ਮੈਟਾ ਇੰਡੀਆ ਨੂੰ ਤਲਬ ਕਰੇਗੀ। ਉਨ੍ਹਾਂ ਸਾਫ਼ ਕਿਹਾ ਸੀ ਕਿ ਮੈਟਾ ਨੂੰ ਆਪਣੇ ਸੀ.ਈ.ਓ. ਦੇ ਝੂਠੇ ਬਿਆਨ ਲਈ ਮੁਆਫ਼ੀ ਮੰਗਣੀ ਪਵੇਗੀ।

ਸੰਸਦੀ ਕਮੇਟੀ ਮੇਟਾ ਨੂੰ ਕਰੇਗੀ ਤਲਬ
ਸੋਸ਼ਲ ਮੀਡੀਆ ਮੰਚ ਮੇਟਾ ਦੇ ਮੁਖੀ ਮਾਰਕ ਜ਼ੁਕਰਬਰਗ ਵੱਲੋਂ 2024 ਦੀਆਂ ਭਾਰਤ ਦੀਆਂ ਲੋਕ ਸਭਾ ਚੋਣਾਂ ਲਈ ਕੀਤੀ ਟਿੱਪਣੀ ਲਈ ਸੰਸਦੀ ਸਥਾਈ ਕਮੇਟੀ ਨੇ ਉਨ੍ਹਾਂ ਨੂੰ ਤਲਬ ਕੀਤਾ ਹੈ। ਆਈ.ਟੀ. ਅਤੇ ਸੰਚਾਰ ਮਾਮਲਿਆਂ ਦੀ ਸੰਸਦੀ ਕਮੇਟੀ ਦੇ ਪ੍ਰਧਾਨ ਨਿਸ਼ੀਕਾਂਤ ਦੂਬੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਸੰਦੇਸ਼ ਪਾ ਕੇ ਉਕਤ ਜਾਣਕਾਰੀ ਦਿੱਤੀ। ਨਿਸ਼ੀਕਾਂਤ ਦੂਬੇ ਨੇ ਸੰਦੇਸ਼ ‘ਚ ਕਿਹਾ ਕਿ ਕਿਸੇ ਵੀ ਲੋਕਤੰਤਰਿਕ ਦੇਸ਼ ਦੀ ਗ਼ਲਤ ਜਾਣਕਾਰੀ ਦੇਸ਼ ਦੀ ਸਾਖ਼ ਨੂੰ ਖ਼ਰਾਬ ਕਰਦੀ ਹੈ। ਇਸ ਗ਼ਲਤੀ ਲਈ ਭਾਰਤੀ ਸੰਸਦ ਤੋਂ ਅਤੇ ਇਥੋਂ ਦੀ ਜਨਤਾ ਤੋਂ ਉਸ ਸੰਸਥਾ ਤੋਂ ਮੁਆਫ਼ੀ ਮੰਗਣੀ ਪਵੇਗੀ। ਜ਼ਿਕਰਯੋਗ ਹੈ ਕਿ ਇਸ ਸੰਬੰਧ ‘ਚ ਸੋਮਵਾਰ ਨੂੰ ਆਈ.ਟੀ. ਅਤੇ ਸੂਚਨਾ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਮਾਰਕ ਜ਼ੁਕਰਬਰਗ ਵੱਲੋਂ ਇਕ ਪੌਡਕਾਸਟ ‘ਚ ਦਿੱਤੇ ਬਿਆਨ ਨੂੰ ਗ਼ਲਤ ਕਰਾਰ ਦਿੱਤਾ ਸੀ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਕੋਵਿਡ ਤੋਂ ਬਾਅਦ ਕਈ ਸਰਕਾਰਾਂ 2024 ‘ਚ ਹੋਈਆਂ ਚੋਣਾਂ ਹਾਰ ਗਈਆਂ ਸਨ ਅਤੇ ਇਸ ‘ਚ ਭਾਰਤ ਵੀ ਸ਼ਾਮਲ ਹੈ।