#AMERICA

ਭਾਰਤੀ-ਗੁਜਰਾਤੀ ਵਿਅਕਤੀ ਅਮਰੀਕਾ ਤੋਂ ਹੋਵੇਗਾ ਡਿਪੋਰਟ

-ਨਾਬਾਲਗ ਕੁੜੀ ਨਾਲ ਕੀਤੀ ਸੀ ਅਸ਼ਲੀਲ ਹਰਕਤ
ਨਿਊਯਾਰਕ, 7 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸੂਬੇ ਕੈਂਟਕੀ ਵਿਚ ਇੱਕ ਗੈਸ ਸਟੇਸ਼ਨ ‘ਤੇ ਕੰਮ ਕਰਨ ਵਾਲੇ ਭਾਰਤੀ-ਗੁਜਰਾਤੀ ਕੇਤਨ ਪਟੇਲ ਨੇ ਇੱਕ ਨਾਬਾਲਗ ਕੁੜੀ ਨਾਲ ਅਸ਼ਲੀਲ ਹਰਕਤ ਕੀਤੀ ਸੀ। ਉਹ ਇਸ ਅਪਰਾਧ ਲਈ ਪਿਛਲੇ ਸੱਤ ਮਹੀਨਿਆਂ ਤੋਂ ਜੇਲ੍ਹ ਵਿਚ ਹੈ ਅਤੇ ਹੁਣ ਉਸਨੂੰ ਆਈ.ਸੀ.ਈ. ਨੇ ਹਿਰਾਸਤ ਵਿਚ ਲੈ ਲਿਆ ਹੈ। ਆਈ.ਸੀ.ਈ. ਨੇ 2024 ਵਿਚ ਕੈਂਟਕੀ ਵਿਚ ਗ੍ਰਿਫ਼ਤਾਰ ਕੀਤੇ ਗਏ ਇੱਕ ਇਸ ਗੁਜਰਾਤੀ ਭਾਰਤੀ ਵਿਅਕਤੀ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਆਈ.ਸੀ.ਈ. ਦੁਆਰਾ ਕਿਹਾ ਗਿਆ ਕਿ ਉਸ ‘ਤੇ ਇੱਕ 17 ਸਾਲ ਦੀ ਨਾਬਾਲਗ ਲੜਕੀ ਦੇ ਜਿਨਸੀ ਸ਼ੋਸ਼ਣ, ਗੈਰ-ਕਾਨੂੰਨੀ ਕੈਦ ਅਤੇ ਗੈਰ-ਕਾਨੂੰਨੀ ਲੈਣ-ਦੇਣ ਦਾ ਦੋਸ਼ ਹੈ। ਕੈਂਟਕੀ ਦੇ ਇੱਕ ਗੈਸ ਸਟੇਸ਼ਨ ‘ਤੇ ਕੰਮ ਕਰਨ ਵਾਲੇ ਕੇਤਨ ਪਟੇਲ ਨੂੰ ਸੱਤ ਮਹੀਨੇ ਪਹਿਲਾਂ ਇੱਕ ਨਾਬਾਲਗ ਕੁੜੀ ਨਾਲ ਅਸ਼ਲੀਲ ਵਿਵਹਾਰ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕੇਤਨ ਪਟੇਲ ਨੂੰ ਸਤੰਬਰ 2024 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਆਪਣੇ ਗੈਸ ਸਟੇਸ਼ਨ ‘ਤੇ ਇੱਕ ਕੁੜੀ ਨੂੰ ਮੁਫ਼ਤ ਵੈਪ ਦੇਣ ਤੋਂ ਬਾਅਦ ਦੋਸ਼ੀ ਨੇ ਉਸਨੂੰ ਫ੍ਰੀਜ਼ਰ ਖੇਤਰ ਵਿਚ ਘਸੀਟਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੀੜਤਾ ਕੇਤਨ ਦੀ ਪਕੜ ਤੋਂ ਬਚਣ ਲਈ ਸੰਘਰਸ਼ ਕਰਦੀ ਰਹੀ ਅਤੇ ਫਿਰ ਗੈਸ ਸਟੇਸ਼ਨ ਤੋਂ ਭੱਜ ਗਈ।
ਪੀੜਤਾ ਨੇ ਆਪਣੇ ਮਾਪਿਆਂ ਨੂੰ ਕੇਤਨ ਦੀਆਂ ਹਰਕਤਾਂ ਬਾਰੇ ਦੱਸਿਆ, ਜਿਨ੍ਹਾਂ ਨੇ ਇਸ ਮਾਮਲੇ ਵਿਚ ਪੁਲਿਸ ਰਿਪੋਰਟ ਦਰਜ ਕਰਵਾਈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਦੋਂ ਤੋਂ ਹੀ ਜੇਲ੍ਹ ਵਿਚ ਹੈ। ਪੁਲਿਸ ਰਿਪੋਰਟ ਅਨੁਸਾਰ ਜਦੋਂ ਇਹ ਘਟਨਾ ਵਾਪਰੀ, ਉਦੋਂ 14 ਸਤੰਬਰ ਨੂੰ ਪੀੜਤਾ ਆਪਣੀ ਗੱਡੀ ‘ਚ ਗੈਸ ਟੈਂਕ ਭਰ ਕੇ ਜਾ ਰਹੀ ਸੀ। ਕੇਤਨ ਨੇ ਉਸਨੂੰ ਸਟੋਰ ਵਿਚ ਬੁਲਾਇਆ ਅਤੇ ਫਿਰ ਉਸ ਨਾਲ ਅਸ਼ਲੀਲ ਹਰਕਤ ਕੀਤੀ। ਕੇਤਨ ਪਟੇਲ ਖੁਦ ਬਾਰਡਸਟਾਊਨ ਵਿਚ ਰਹਿੰਦਾ ਸੀ ਅਤੇ ਉਸਦੇ ਖ਼ਿਲਾਫ਼ ਦੋਸ਼ਾਂ ਦੀ ਗੰਭੀਰਤਾ ਕਾਰਨ ਉਸਨੂੰ ਜ਼ਮਾਨਤ ‘ਤੇ ਰਿਹਾਅ ਨਹੀਂ ਕੀਤਾ ਗਿਆ ਸੀ। ਪੀੜਤਾ ਨੂੰ ਘਸੀਟਣ ਦੀ ਕੋਸ਼ਿਸ਼ ਕਰਨ ਲਈ ਉਸਨੂੰ ਗੈਰ-ਕਾਨੂੰਨੀ ਕੈਦ ਦਾ ਵੀ ਦੋਸ਼ ਲਗਾਇਆ ਗਿਆ ਸੀ। ਹਾਲਾਂਕਿ ਕੇਤਨ ਪਟੇਲ ਦੇ ਇਮੀਗ੍ਰੇਸ਼ਨ ਸਟੇਟਸ ਦੇ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ, ਪਰ ਇਹ ਸੰਭਾਵਨਾ ਹੈ ਕਿ ਉਹ ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ, ਇਸੇ ਕਰਕੇ ਹੁਣ ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਨੂੰ ਦੇਸ਼ ਨਿਕਾਲਾ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।