#AMERICA

ਭਾਰਤੀ-ਅਮਰੀਕੀ Doctor ਸਚਿਨ ਸਿਹਤ ਸੰਭਾਲ ਖੇਤਰ ਦੇ ਸਭ ਤੋਂ ਵਧ 100 ਪ੍ਰਭਾਵਸ਼ਾਲੀ ਵਿਅਕਤੀਆਂ ‘ਚ ਸ਼ਾਮਲ

ਸੈਕਰਾਮੈਂਟੋ, 13 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਕੈਨ ਐਂਡ ਸਕੈਨ ਹੈਲਥ ਪਲੈਨ ਦੇ ਕੈਲੀਫੋਰਨੀਆ ਵਿਚਲੇ ਸੀ.ਈ.ਓ. ਡਾ. ਸਚਿਨ ਐੱਚ. ਜੈਨ ਨੂੰ ਸਿਹਤ ਸੰਭਾਲ ਖੇਤਰ ਵਿਚ ਸਭ ਤੋਂ ਵਧ ਅਸਰਦਾਇਕ 100 ਵਿਅਕਤੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ। ਮਾਡਰਨ ਹੈਲਥਕੇਅਰ ਦੇ ‘ਮਾਨਤਾ ਪ੍ਰੋਗਰਾਮ’ ਤਹਿਤ ਭਾਰਤੀ-ਅਮਰੀਕੀ ਡਾਕਟਰ ਸਚਿਨ ਦੀ ਚੋਣ ਸਿਹਤ ਸੰਭਾਲ ਖੇਤਰ ਵਿਚ ਪਾਏ ਸ਼ਾਨਦਾਰ ਯੋਗਦਾਨ ਦੇ ਮੱਦੇਨਜ਼ਰ ਹੋਈ ਹੈ। ਮਾਡਰਨ ਹੈਲਥ ਕੇਅਰ ਅਨੁਸਾਰ ਡਾ. ਸਚਿਨ ਨੇ ਬਜ਼ੁਰਗਾਂ ਸਮੇਤ ਅਮਰੀਕੀ ਸਮਾਜ ਦੇ ਹਰ ਵਿਅਕਤੀ ਦੀ ਸਿਹਤ ਸੰਭਾਲ ਵਿਚ ਆਪਣਾ ਯੋਗਦਾਨ ਪਾਇਆ ਹੈ। ਜੈਨ ਨੇ ਘਰਾਂ ‘ਚ ਬਜ਼ੁਰਗ ਵਿਅਕਤੀਆਂ ਲਈ ਡਾਕਟਰੀ ਸਹਾਇਤਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਡਾਕਟਰ ਉਨ੍ਹਾਂ ਦਾ ਹਾਲ-ਚਾਲ ਜਾਣਨ ਲਈ ਉਨ੍ਹਾਂ ਦੇ ਘਰਾਂ ਵਿਚ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੁਆਰਾ ਬੇਘਰੇ ਲੋਕਾਂ ਨੂੰ ਡਾਕਟਰੀ ਸਹਾਇਤਾ ਦੇਣ ਲਈ ਗਠਿਤ ਇਕ ਮੈਡੀਕਲ ਗਰੁੱਪ ਨੇ ਸਾਰੇ ਦੇਸ਼ ਦਾ ਧਿਆਨ ਖਿੱਚਿਆ ਹੈ, ਜੋ ਗਰੁੱਪ ਕੈਲੀਫੋਰਨੀਆ ਵਿਚਲੀਆਂ 6 ਕਾਊਂਟੀਆਂ ‘ਚ 1000 ਤੋਂ ਵਧ ਮਰੀਜਾਂ ਨੂੰ ਸੇਵਾਵਾਂ ਦੇ ਰਿਹਾ ਹੈ।