ਵਾਸ਼ਿੰਗਟਨ, 14 ਫਰਵਰੀ (ਪੰਜਾਬ ਮੇਲ)- ਭਾਰਤੀ-ਅਮਰੀਕੀ ਸੋਨਾਲੀ ਕੋਰਡੇ ਨੇ ਸੋਮਵਾਰ ਨੂੰ ਅਮਰੀਕੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐੱਸ.ਏ.ਆਈ.ਡੀ.) ਦੀ ਪ੍ਰਸ਼ਾਸਕ ਸਮੰਥਾ ਪਾਵਰ ਦੀ ਸਹਾਇਕ ਵਜੋਂ ਸਹੁੰ ਚੁੱਕੀ। ਪਾਵਰ ਨੇ ਸਹੁੰ ਚੁੱਕ ਸਮਾਗਮ ਦੌਰਾਨ ਕਿਹਾ, ‘ਮੈਂ ਸੋਨਾਲੀ ਨੂੰ ਜਾਣਦੀ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇੱਥੇ ਮੌਜੂਦ ਬਹੁਤ ਸਾਰੇ ਲੋਕ ਇਹੀ ਕਹਿਣਗੇ ਕਿ ਸੋਨਾਲੀ ਸੱਚਮੁੱਚ ਸਾਡੇ ਸਾਰਿਆਂ ਲਈ ਇੱਕ ਤੋਹਫ਼ਾ ਹੈ। ਸਮੇਂ ਦੇ ਨਾਲ ਸਾਨੂੰ ਉਨ੍ਹਾਂ ਬਾਰੇ ਬਹੁਤ ਕੁਝ ਜਾਣਨ ਨੂੰ ਮਿਲਿਆ ਹੈ ਅਤੇ ਅਸੀਂ ਉਨ੍ਹਾਂ ਦੇ ਕਈ ਗੁਣਾਂ ਤੋਂ ਜਾਣੂ ਹੋਏ ਹਾਂ।’
ਉਨ੍ਹਾਂ ਕਿਹਾ ਕਿ ਭਾਰਤ ਤੋਂ ਆਈ ਕੋਰਡੇ ਦੇ ਮਾਤਾ-ਪਿਤਾ ਨੇ ਉਨ੍ਹਾਂ ਦੀ ਵਧੀਆ ਪਰਵਰਿਸ਼ ਕੀਤੀ ਹੈ। ਕੋਰਡੇ ਨੇ ਮਨੁੱਖਤਾਵਾਦੀ ਸਹਾਇਤਾ ਬਿਊਰੋ ਦੇ ਪ੍ਰਸ਼ਾਸਕ ਦੇ ਉਪ ਸਹਾਇਕ ਵਜੋਂ ਵੀ ਕੰਮ ਕੀਤਾ ਹੈ। ਪ੍ਰਸ਼ਾਸਕ ਦੇ ਉਪ ਸਹਾਇਕ ਵਜੋਂ ਆਪਣੇ ਕਾਰਜਕਾਲ ਦੌਰਾਨ ਕੋਰਡੇ ਨੇ ਪੱਛਮੀ ਏਸ਼ੀਆ ਸਬੰਧੀ ਮਨੁੱਖਤਾਵਾਦੀ ਮੁੱਦਿਆਂ ਲਈ ਅਮਰੀਕਾ ਦੇ ਵਿਸ਼ੇਸ਼ ਉਪ ਰਾਜਦੂਤ ਵਜੋਂ ਸੇਵਾ ਕੀਤੀ। ਉਨ੍ਹਾਂ ‘ਤੇ ਗਾਜ਼ਾ ਵਿਚ ਮਨੁੱਖਤਾਵਾਦੀ ਸੰਕਟ ਨੂੰ ਹੱਲ ਕਰਨ ਲਈ ਦੇਸ਼ ਦੇ ਕੂਟਨੀਤਕ ਯਤਨਾਂ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੀ। ਕੋਰਡੇ ਨੇ ਗਲੋਬਲ ਹੈਲਥ ਐਂਡ ਡਿਵੈਲਪਮੈਂਟ ਦੇ ਡਾਇਰੈਕਟਰ ਵਜੋਂ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਵਿਚ ਵੀ ਕੰਮ ਕੀਤਾ ਹੈ। ਕੋਰਡੇ ਨੇ 2005 ਤੋਂ 2013 ਤੱਕ ਯੂ.ਐੱਸ.ਏ.ਆਈ.ਡੀ. ਦੇ ਗਲੋਬਲ ਹੈਲਥ ਬਿਊਰੋ ‘ਚ ਮਲੇਰੀਆ ਨਾਲ ਨਜਿੱਠਣ ਸਬੰਧੀ ਰਾਸ਼ਟਰਪਤੀ ਦੀ ਪਹਿਲਕਦਮੀ ਲਈ ਸੀਨੀਅਰ ਤਕਨੀਕੀ ਸਲਾਹਕਾਰ ਵਜੋਂ ਕੰਮ ਕੀਤਾ ਸੀ।