#AMERICA

ਭਾਰਤੀ-ਅਮਰੀਕੀ ਰਜਨੀ ਰਵਿੰਦਰਨ ਵੱਲੋਂ ਰਿਪਬਲਿਕਨ ਪਾਰਟੀ ਵੱਲੋਂ ਚੋਣ ਮੈਦਾਨ ‘ਚ ਨਿਤਰਨ ਦਾ ਫੈਸਲਾ

ਵਾਸ਼ਿੰਗਟਨ, 10 ਅਗਸਤ (ਪੰਜਾਬ ਮੇਲ)- ਭਾਰਤ ਦੀ ਜੰਮਪਲ 40 ਸਾਲਾ ਰਜਨੀ ਰਵਿੰਦਰਨ ਨੇ ਅਮਰੀਕੀ ਰਾਜ ਵਿਸਕਾਨਸਿਨ ਤੋਂ ਸੈਨੇਟ ਲਈ ਚੋਣ ਮੈਦਾਨ ‘ਚ ਉਤਰਨ ਦਾ ਫ਼ੈਸਲਾ ਕੀਤਾ ਹੈ। ਕਾਲਜ ਵਿਦਿਆਰਥੀ ਰਵਿੰਦਰਨ ਡੈਮੋਕਰੇਟਿਕ ਸੈਨੇਟਰ ਟੈਮੀ ਬਾਲਡਵਿਨ ਖ਼ਿਲਾਫ਼ ਮੁਕਾਬਲੇ ‘ਚ ਉਤਰਨ ਵਾਲੀ ਪਹਿਲੀ ਰਿਪਬਲਿਕਨ ਉਮੀਦਵਾਰ ਹੈ। ਤਿੰਨ ਬੱਚਿਆਂ ਦੀ ਮਾਂ ਰਜਨੀ ਦਾ ਹਾਲਾਂਕਿ ਸਿਆਸਤ ‘ਚ ਤਜਰਬਾ ਜ਼ਿਆਦਾ ਨਹੀਂ ਹੈ। ਉਸ ਨੇ ਹਾਲ ਹੀ ਵਿਚ ਸਟੀਵਨਜ਼ ਪੁਆਇੰਟ ਕਾਲਜ ਰਿਪਬਲਿਕਨਜ਼ ਵਿਚ ਦਾਖਲਾ ਲਿਆ ਹੈ।
ਇਸੇ ਸਾਲ ਵਾਸ਼ਿੰਗਟਨ ਦਾ ਗੇੜਾ ਲਾਉਣ ਤੋਂ ਬਾਅਦ ਉਸ ਨੇ ਸੈਨੇਟ ਲਈ ਨਿੱਤਰਨ ਦਾ ਫੈਸਲਾ ਕੀਤਾ ਹੈ। ਉਹ ਅਗਲੇ ਸਾਲ ਤੱਕ ਰਾਜਨੀਤੀ ਵਿਗਿਆਨ ‘ਚ ਗ੍ਰੈਜੂਏਟ ਹੋ ਜਾਵੇਗੀ। ਰਵਿੰਦਰਨ ਨੇ ਕਿਹਾ ਕਿ ਮੁਲਕ ਦੇ ਸਿਆਸੀ ਢਾਂਚੇ ਵਿਚ ਤਬਦੀਲੀ ਦੀ ਲੋੜ ਹੈ। ਨਵੇਂ ਵਿਚਾਰਾਂ ਵਾਲੇ ਕੁਝ ਨਵੇਂ ਚਿਹਰਿਆਂ ਦੀ ਜ਼ਰੂਰਤ ਹੈ। ਰਵਿੰਦਰਨ 2011 ਵਿਚ ਅਮਰੀਕਾ ਤੋਂ ਭਾਰਤ ਆਈ ਸੀ। ਭਾਰਤ ਵਿਚ ਉਹ ਪੇਸ਼ੇ ਵਜੋਂ ਨਰਸ ਸੀ। ਇਸ ਤੋਂ ਪਹਿਲਾਂ ਉਹ ਕੈਲੀਫੋਰਨੀਆ ਵਿਚ ਰਹਿ ਰਹੀ ਸੀ ਤੇ 2017 ਵਿਚ ਵਿਸਕਾਨਸਿਨ ਆਈ ਹੈ। ਰਵਿੰਦਰਨ ਨੇ 2015 ਵਿਚ ਅਮਰੀਕਾ ਦੀ ਨਾਗਰਿਕਤਾ ਹਾਸਲ ਕੀਤੀ ਸੀ। ਅਗਲੇ ਸਾਲ ਉਸ ਨੂੰ ਨਾਗਰਿਕ ਬਣੇ ਹੋਏ 9 ਸਾਲ ਹੋ ਜਾਣਗੇ, ਜੋ ਕਿ ਸੈਨੇਟਰ ਬਣਨ ਲਈ ਘੱਟੋ-ਘੱਟ ਯੋਗਤਾ ਰੱਖੀ ਗਈ ਹੈ। ਰਵਿੰਦਰਨ ਨੇ ਕਿਹਾ ਕਿ ਉਸ ਦੀ ਚੋਣ ਮੁਹਿੰਮ ਸਰਹੱਦਾਂ ਨੂੰ ਸੁਰੱਖਿਅਤ ਕਰਨ ਤੇ ਫੈਂਟਾਨਿਲ ਜਿਹੇ ਗੈਰਕਾਨੂੰਨੀ ਨਸ਼ਿਆਂ ਉਤੇ ਲਗਾਮ ਕੱਸਣ ‘ਤੇ ਕੇਂਦਰਿਤ ਹੋਵੇਗੀ।

Leave a comment