#AMERICA

ਭਾਰਤੀ-ਅਮਰੀਕੀ ਨੌਜਵਾਨ 4 ਲੱਖ ਡਾਲਰ ਦੇ ਘਪਲੇ ਦੇ ਦੋਸ਼ ਹੇਠ Arrest

-ਦੋਸ਼ੀ ਪਾਏ ਜਾਣ ‘ਤੇ ਹਰੇਕ ਦੋਸ਼ ਲਈ ਹੋ ਸਕਦੀ ਹੈ 20 ਸਾਲ ਤੱਕ ਦੀ ਕੈਦ
ਨਿਊਯਾਰਕ, 11 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸੂਬੇ ਦੇ ਅਲਬਾਮਾ ਦੇ ਰਹਿਣ ਵਾਲੇ ਇਕ ਗੁਜਰਾਤੀ ਨੌਜਵਾਨ ਪਥਿਆਮ ਪਟੇਲ ਨੂੰ ਅਮਰੀਕਾ ਵਿਚ 4 ਲੱਖ ਡਾਲਰ ਦੇ ਕਥਿਤ ਘਪਲੇ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਮੀਡੀਆ ਮੁਤਾਬਕ ਪਥਿਆਮ ਪਟੇਲ ਦੀ ਉਮਰ 23 ਸਾਲ ਹੈ। ਉਹ ਅਲਬਾਮਾ ਦੇ ਟਸਕਾਲੂਸਾ ਵਿਚ ਰਹਿੰਦਾ ਹੈ। ਪਥਿਆਮ ਪਟੇਲ ਨੂੰ ਪੁਲਿਸ ਵੱਲੋ 6 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਜੇਲ੍ਹ ਵਿਚ ਨਜ਼ਰਬੰਦ ਹੈ। ਸਿਰਫ 23 ਸਾਲ ਦੀ ਉਮਰ ‘ਚ ਇੰਨਾਂ ਵੱਡਾ ਘਪਲਾ ਕਰਨ ਵਾਲੇ ਇਸ ਨੌਜਵਾਨ ‘ਤੇ 9 ਵੱਖ-ਵੱਖ ਦੋਸ਼ ਲਗਾਏ ਗਏ ਹਨ।
ਅਲਬਾਮਾ ਸਕਿਓਰਿਟੀਜ਼ ਕਮਿਸ਼ਨ ਅਨੁਸਾਰ ਪਥਿਆਮ ਪਟੇਲ ‘ਤੇ ਵਿਕਰੀ ਵਿਚ ਧੋਖਾਧੜੀ ਦੇ ਛੇ ਮਾਮਲਿਆਂ ਅਤੇ ਝੂਠੇ ਬਿਆਨ ਦੇਣ ਦੇ ਦੋਸ਼ ਹੈ, ਜੋ ਸਾਰੇ ਕਲਾਸ ਬੀ ਦੇ ਅਪਰਾਧਾਂ ਦੀ ਸ਼੍ਰੇਣੀ ਵਿਚ ਹੀ ਆਉਂਦੇ ਹਨ। ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਪਥਿਆਮ ਪਟੇਲ ਨੂੰ ਹਰੇਕ ਦੋਸ਼ ਵਿਚ 20 ਸਾਲ ਤੱਕ ਦੀ ਕੈਦ ਅਤੇ 30 ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਅਲਾਬਾਮਾ ਸਕਿਓਰਿਟੀਜ਼ ਕਮਿਸ਼ਨ ਦੁਆਰਾ ਜਾਰੀ ਇੱਕ ਪ੍ਰੈੱਸ ਨੋਟ ਅਨੁਸਾਰ ਪਥਿਆਮ ਪਟੇਲ ‘ਤੇ ਫਰਵਰੀ 2024 ਵਿਚ ਕਾਉਂਟੀ ਦੀ ਗ੍ਰੈਂਡ ਜਿਊਰੀ ਦੁਆਰਾ ਉਸ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 18 ਜੂਨ, 2024 ਨੂੰ ਅਲਬਾਮਾ ਦੀ ਟਸਕਾਲੂਸਾ ਕਾਉਂਟੀ ਵਿਚ ਮੁਕੱਦਮਾ ਚੱਲੇਗਾ।
ਪਟੇਲ ‘ਤੇ ਆਪਣੇ ਆਪ ਨੂੰ ਇੱਕ ਏਜੰਟ ਵਜੋਂ ਗ਼ਲਤ ਢੰਗ ਨਾਲ ਪੇਸ਼ ਕਰਨ ਅਤੇ ਅਲਬਾਮਾ ਵਿਚ ਵੇਚੀਆਂ ਗਈਆਂ ਪ੍ਰਾਪਰਟੀਆਂ ਨੂੰ ਰਜਿਸਟਰ ਕਰਨ ਵਿਚ ਅਸਫਲ ਰਹਿਣ ਦਾ ਵੀ ਦੋਸ਼ ਹੈ, ਜਿਸ ਵਿਚ ਇੱਕ ਤੋਂ 10 ਸਾਲ ਦੀ ਕੈਦ ਅਤੇ ਹਰੇਕ ਗਿਣਤੀ ‘ਤੇ 15,000 ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਪਟੇਲ ਨੇ 2017 ਤੋਂ 2023 ਤੱਕ ਛੇ ਨਿਵੇਸ਼ਕਾਂ ਨੂੰ ਕੁੱਲ 400,000 (ਚਾਰ ਲੱਖ) ਡਾਲਰ ਦੇ ਨਿਵੇਸ਼ ਸਮਝੌਤੇ ਵੇਚੇ। ਭਾਵ ਉਹ ਮਹਿਜ਼ 16-17 ਸਾਲ ਦਾ ਸੀ, ਜਦੋਂ ਉਸਨੇ ਇਹ ਕੰਮ ਸ਼ੁਰੂ ਕੀਤਾ ਸੀ। ਪਥਿਆਮ ਪਟੇਲ ਨੇ ਇਨ੍ਹਾਂ ਸਾਰੇ ਗਾਹਕਾਂ ਲਈ ਆਪਣੀ ਪਛਾਣ ਇਨਫਿਨਿਟੀ ਵੈਲਥ ਮੈਨੇਜਮੈਂਟ ਦੇ ਪ੍ਰਤੀਨਿਧੀ ਵਜੋਂ ਜਾਰੀ ਕੀਤੀ ਸੀ। ਇਸ ਨਿਵੇਸ਼ ਸਲਾਹਕਾਰ ਫਰਮ ਨੇ ਅਮਰੀਕੀ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨਾਲ ਰਜਿਸਟਰ ਹੋਣ ਦਾ ਉਸ ਨੇ ਦਾਅਵਾ ਵੀ ਕੀਤਾ ਸੀ।  ਪਟੇਲ ਗਾਹਕਾਂ ਨੂੰ ਦਾਅਵੇ ਕਰਦਾ ਸੀ ਕਿ ਉਹ ਉਨ੍ਹਾਂ ਦੇ ਫੰਡਾਂ ਨੂੰ ਸਟਾਕਾਂ ਵਿਚ ਨਿਵੇਸ਼ ਕਰਕੇ ਉਨ੍ਹਾਂ ਨੂੰ ਚੰਗਾ ਮੁਨਾਫਾ ਕਮਾ ਕੇ ਦੇ ਸਕਦਾ ਹੈ ਅਤੇ ਨਾਲ ਹੀ ਇਹ ਗਾਰੰਟੀ ਦਿੰਦਾ ਸੀ ਕਿ ਉਨ੍ਹਾਂ ਨੂੰ ਇੱਕ ਪੈਸਾ ਵੀ ਨਹੀਂ ਗੁਆਉਣਾ ਪਵੇਗਾ।
ਹਾਲਾਂਕਿ ਨਿਵੇਸ਼ਕਾਂ ਤੋਂ ਫੰਡ ਪ੍ਰਾਪਤ ਕਰਨ ਤੋਂ ਬਾਅਦ ਪਟੇਲ ਕੁਝ ਨਿਵੇਸ਼ਕਾਂ ਨੂੰ ਕਹਿੰਦਾ ਸੀ ਕਿ ਉਨ੍ਹਾਂ ਨੂੰ ਆਪਣਾ ਨਿਵੇਸ਼ ਬਰਕਰਾਰ ਰੱਖਣ ਲਈ ਕੁਝ ਫੀਸ ਅਦਾ ਕਰਨੀ ਪਵੇਗੀ। ਪਰ ਅਸਲੀਅਤ ਇਹ ਸੀ ਕਿ ਪਟੇਲ ਨੇ ਨਿਵੇਸ਼ਕਾਂ ਤੋਂ ਪ੍ਰਾਪਤ ਕੀਤੇ ਪੈਸੇ ਨੂੰ ਫਿਊਚਰਜ਼ ਅਨੁਸਾਰ ਕਿਤੇ ਵੀ ਨਹੀਂ ਰੱਖਿਆ ਅਤੇ ਇਸ ਦੀ ਬਜਾਏ ਉਹ ਸਾਰਾ ਪੈਸਾ ਵਰਤਦਾ ਸੀ। ਉਹ ਜੂਏ ਸਮਾਗਮਾਂ ਦੇ ਨਾਲ-ਨਾਲ ਆਪਣੇ ਨਿੱਜੀ ਖਰਚਿਆਂ ‘ਤੇ ਖਰਚ ਕਰਦਾ ਸੀ ਅਤੇ ਉਸੇ ਸਮੇਂ ਉਹ ਇੱਕ ਨਿਵੇਸ਼ਕ ਤੋਂ ਦੂਜੇ ਨਿਵੇਸ਼ਕ ਨੂੰ ਪੈਸੇ ਭੇਜਦਾ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਟੇਲ ਦੇ ਨਿਵੇਸ਼ ਇਕਰਾਰਨਾਮੇ ਅਲਾਬਾਮਾ ਸਕਿਓਰਿਟੀਜ਼ ਕਮਿਸ਼ਨ ਨਾਲ ਰਜਿਸਟਰਡ ਨਹੀਂ ਸਨ ਅਤੇ ਉਹ ਖੁਦ ਵੀ ਰਜਿਸਟਰਡ ਬ੍ਰੋਕਰ-ਡੀਲਰ ਨਹੀਂ ਸੀ। ਛੋਟੀ ਉਮਰ ਵਿਚ ਹੀ ਇੰਨਾ ਵੱਡਾ ਘਪਲਾ ਕਰਨ ਵਾਲੇ ਪਟੇਲ ਖ਼ਿਲਾਫ਼ ਜੇ ਅਦਾਲਤ ਵਿਚ ਦੋਸ਼ ਸਾਬਤ ਹੋ ਜਾਂਦੇ ਹਨ, ਤਾਂ ਸੰਭਵ ਹੈ ਕਿ ਉਸ ਨੂੰ ਬਾਕੀ ਦੀ ਜ਼ਿੰਦਗੀ ਵੀ ਜੇਲ੍ਹ ਵਿਚ ਹੀ ਕੱਟਣੀ ਪਵੇਗੀ।