#AMERICA

ਭਾਰਤੀ-ਅਮਰੀਕੀ ਨੇ ‘ਮਿਸ ਇੰਡੀਆ ਯੂ.ਐੱਸ.ਏ.’ 2024 ਦਾ ਖਿਤਾਬ ਜਿੱਤਿਆ

ਵਾਸ਼ਿੰਗਟਨ, 18 ਦਸੰਬਰ (ਪੰਜਾਬ ਮੇਲ)- ਚੇਨਈ ਵਿਚ ਜਨਮੀ ਭਾਰਤੀ ਅਮਰੀਕੀ ਕੈਟਲਿਨ ਸੈਂਡਰਾ ਨੀਲ ਨੇ ਨਿਊਜਰਸੀ ‘ਚ ਆਯੋਜਿਤ ਸਾਲਾਨਾ ਸੁੰਦਰਤਾ ਮੁਕਾਬਲੇ ‘ਮਿਸ ਇੰਡੀਆ ਯੂ.ਐੱਸ.ਏ.’ 2024 ਦਾ ਖਿਤਾਬ ਜਿੱਤ ਲਿਆ ਹੈ। ਕੈਟਲਿਨ (19) ਡੇਵਿਸ ਦੇ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਦੂਜੇ ਸਾਲ ਦੀ ਵਿਦਿਆਰਥਣ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ, ”ਮੈਂ ਆਪਣੇ ਭਾਈਚਾਰੇ ‘ਤੇ ਸਕਾਰਾਤਮਕ ਪ੍ਰਭਾਵ ਛੱਡਣਾ ਚਾਹੁੰਦੀ ਹਾਂ ਅਤੇ ਮਹਿਲਾ ਸਸ਼ਕਤੀਕਰਨ ਅਤੇ ਸਾਖਰਤਾ ‘ਤੇ ਧਿਆਨ ਦੇਣਾ ਚਾਹੁੰਦੀ ਹਾਂ।”
ਕੈਟਲਿਨ ਦਾ ਜਨਮ ਚੇਨਈ ਵਿਚ ਹੋਇਆ ਸੀ ਅਤੇ ਉਹ ਪਿਛਲੇ 14 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੀ ਹੈ। ਵੈੱਬ ਡਿਜ਼ਾਈਨਰ ਬਣਨ ਤੋਂ ਇਲਾਵਾ ਉਹ ਮਾਡਲਿੰਗ ਅਤੇ ਐਕਟਿੰਗ ‘ਚ ਵੀ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਭਾਰਤ ਮਹੋਤਸਵ ਕਮੇਟੀ (ਆਈ.ਐੱਫ.ਸੀ.) ਵੱਲੋਂ ਕਰਵਾਏ ਗਏ ਮੁਕਾਬਲੇ ਵਿਚ ਇਲੀਨੋਇਸ ਦੀ ਸੰਸਕ੍ਰਿਤੀ ਸ਼ਰਮਾ ਨੂੰ ‘ਮਿਸਿਜ਼ ਇੰਡੀਆ ਯੂ.ਐੱਸ.ਏ.’ ਅਤੇ ਵਾਸ਼ਿੰਗਟਨ ਦੀ ਅਰਸ਼ਿਤਾ ਕਠਪਾਲੀਆ ਨੂੰ ‘ਮਿਸ ਟੀਨ ਇੰਡੀਆ ਯੂ.ਐੱਸ.ਏ.’ ਦਾ ਖਿਤਾਬ ਦਿੱਤਾ ਗਿਆ।
‘ਮਿਸ ਇੰਡੀਆ ਯੂ.ਐੱਸ.ਏ.’ 2023 ਰਿਜੁਲ ਮੈਨੀ ਅਤੇ ‘ਮਿਸਿਜ਼ ਇੰਡੀਆ ਯੂ.ਐੱਸ.ਏ.’ 2023 ਸਨੇਹਾ ਨਾਂਬੀਆਰ ਨੇ ਕ੍ਰਮਵਾਰ ਕੈਟਲਿਨ ਸੈਂਡਰਾ ਨੀਲ ਅਤੇ ਸੰਸਕ੍ਰਿਤੀ ਸ਼ਰਮਾ ਨੂੰ ਤਾਜ ਪਹਿਨਾਇਆ। ਇਲੀਨੋਇਸ ਦੀ ਨਿਰਾਲੀ ਦੇਸੀਆ ਅਤੇ ਨਿਊਜਰਸੀ ਦੀ ਮਾਨਿਨੀ ਪਟੇਲ ਨੂੰ ‘ਮਿਸ ਇੰਡੀਆ ਯੂ.ਐੱਸ.ਏ.’ ਮੁਕਾਬਲੇ ਵਿਚ ਪਹਿਲੀ ਰਨਰਅੱਪ ਅਤੇ ਸੈਕਿੰਡ ਰਨਰਅੱਪ ਐਲਾਨਿਆ ਗਿਆ। ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਵਰਜੀਨੀਆ ਦੀ ਸਪਨਾ ਮਿਸ਼ਰਾ ਅਤੇ ਕਨੈਕਟੀਕਟ ਦੀ ਚਿਨਮਈ ਅਯਾਚਿਤ ਨੂੰ ‘ਮਿਸਿਜ਼ ਇੰਡੀਆ ਯੂ.ਐੱਸ.ਏ.’ ਮੁਕਾਬਲੇ ਵਿਚ ਪਹਿਲੀ ਅਤੇ ਦੂਜੀ ਰਨਰ-ਅੱਪ ਐਲਾਨਿਆ ਗਿਆ। ਰੋਡ ਆਈਲੈਂਡ ਦੀ ਧ੍ਰਿਤੀ ਪਟੇਲ ਅਤੇ ਸੋਨਾਲੀ ਸ਼ਰਮਾ ਨੂੰ ਟੀਨ ਵਰਗ ਵਿਚ ਫਸਟ ਅਤੇ ਸੈਕਿੰਡ ਰਨਰਅੱਪ ਐਲਾਨਿਆ ਗਿਆ। ਇਹ ਮੁਕਾਬਲੇ ਤਿੰਨ ਵਰਗਾਂ ਵਿਚ ਕਰਵਾਏ ਗਏ, ਜਿਸ ਵਿਚ 25 ਰਾਜਾਂ ਦੇ 47 ਪ੍ਰਤੀਯੋਗੀਆਂ ਨੇ ਹਿੱਸਾ ਲਿਆ।