ਨਿਊਯਾਰਕ, 2 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਸ਼ਿਕਾਗੋ ਦੀ ਇਕ ਅਦਾਲਤ ਨੇ 31 ਸਾਲਾ ਭਾਰਤੀ-ਅਮਰੀਕੀ ਵਿਅਕਤੀ ਰਿਸ਼ੀ ਪਟੇਲ, ਨੂੰ ਇਕ ਬਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਸਾਢੇ ਸੱਤ ਸਾਲ ਦੀ ਸ਼ਜਾ ਸੁਣਾਈ ਹੈ। ਰਿਸ਼ੀ ਸ਼ਾਹ, ਜੋ ਕਦੇ ਅਮਰੀਕਾ ਦੇ ਸੂਬੇ ਸ਼ਿਕਾਗੋ ਦੇ ਸਭ ਤੋਂ ਅਮੀਰ ਭਾਰਤੀਆਂ ਵਿਚੋਂ ਗਿਣਿਆ ਜਾਂਦਾ ਸੀ। ਆਊਟਕਮ ਹੈਲਥ ਕੰਪਨੀ ਦੇ 38 ਸਾਲਾ ਸੀ.ਈ.ਓ. ਰਿਸ਼ੀ ਸ਼ਾਹ ਨੂੰ ਪਿਛਲੇ ਸਾਲ ਦੋਸ਼ੀ ਠਹਿਰਾਇਆ ਗਿਆ ਸੀ। ਇਸ ਦੇ ਨਾਲ ਹੀ ਫਰਮ ਦੀ ਸਾਬਕਾ ਪ੍ਰਧਾਨ ਸ਼ਾਰਧਾ ਅਗਰਵਾਲ ਦੇ ਨਾਲ ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ ਬ੍ਰੈਡ ਪਰਡੀ ਨੂੰ ਵੀ ਧੋਖਾਧੜੀ ਦੇ ਦੋਸ਼ਾਂ ‘ਚ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ। ਇਨ੍ਹਾਂ ਨੂੰ ਸਜ਼ਾ ਹੋਣੀ ਤੈਅ ਹੈ। ਉਨ੍ਹਾਂ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਸਜ਼ਾ ਸੁਣਾਏ ਜਾਣ ਦੀ ਸੰਭਾਵਨਾ ਹੈ।
ਫੋਰਬਸ ਦੀ ਅਮਰੀਕੀ ਅਰਬਪਤੀਆਂ ਦੀ ਸੂਚੀ ਵਿਚ ਰਿਸ਼ੀ ਸ਼ਾਹ 400ਵੇਂ ਸਥਾਨ ‘ਤੇ ਸੀ। ਉਸ ਕੋਲ ਇੱਕ ਨਿੱਜੀ ਜਹਾਜ਼ ਅਤੇ ਉਹ ਜਿਸ ਘਰ ਵਿਚ ਰਹਿੰਦੇ ਸਨ, ਉਸ ਦੀ ਕੀਮਤ ਵੀ 80 ਲੱਖ ਡਾਲਰ ਮੰਨੀ ਜਾਂਦੀ ਹੈ। ਰਿਸ਼ੀ ਸ਼ਾਹ ਦੀ ਕੰਪਨੀ ‘ਆਊਟਕਮ ਹੈਲਥ’ 2011 ਵਿਚ 11 ਕਰਮਚਾਰੀਆਂ ਤੋਂ 2017 ਵਿਚ 500 ਤੋਂ ਵੱਧ, ਬਹੁਤ ਘੱਟ ਸਮੇਂ ਵਿਚ ਬਹੁਤ ਅੱਗੇ ਵਧ ਗਈ ਸੀ। ਸ਼ਿਕਾਗੋ ਦੀਆਂ ਸਭ ਤੋਂ ਚਰਚਿਤ ਤਕਨੀਕੀ ਕੰਪਨੀਆਂ ਵਿਚੋਂ ਇੱਕ ਸੀ। ਹਾਲਾਂਕਿ, ਰਿਸ਼ੀ ਸ਼ਾਹ ਨੇ ਆਪਣਾ ਪੂਰਾ ਸਾਮਰਾਜ ਝੂਠ ‘ਤੇ ਬਣਾਇਆ ਸੀ ਅਤੇ ਇਸ ਕਾਰਨ ਸਫਲਤਾ ਦੇ ਸੱਤਵੇਂ ਅਸਮਾਨ ‘ਤੇ ਉੱਡ ਰਹੇ ਰਿਸ਼ੀ ਸ਼ਾਹ ਕੁਝ ਸਮੇਂ ਵਿਚ ਹੀ ਡਿੱਗ ਕੇ ਜ਼ਮੀਨ ‘ਤੇ ਆ ਗਿਆ।
80 ਪ੍ਰਤੀਸ਼ਤ ਆਊਟਕਮ ਹੈਲਥ ਦੇ ਮਾਲਕ ਰਿਸ਼ੀ ਸ਼ਾਹ ਜਦੋਂ ਨਾਰਥਵੈਸਟਰਨ ਯੂਨੀਵਰਸਿਟੀ ਵਿਚ ਇੱਕ ਵਿਦਿਆਰਥੀ ਸੀ। ਉਸ ਸਮੇਂ ਉਸਨੇ ਇੱਕ ਕੰਪਨੀ ਬਣਾਈ, ਜਿਸ ਦਾ ਕੰਮ ਡਾਕਟਰਾਂ ਦੇ ਦਫਤਰਾਂ, ਹਸਪਤਾਲਾਂ ਜਾਂ ਕਲੀਨਿਕ ਵੇਟਿੰਗ ਰੂਮ ਵਿਚ ਲਗਾਏ ਗਏ ਟੀ.ਵੀ. ਜਾਂ ਟੈਬਲੇਟਾਂ ‘ਤੇ ਫਾਰਮਾ ਕੰਪਨੀ ਦੇ ਇਸ਼ਤਿਹਾਰ ਦਿਖਾਉਣਾ ਸੀ। ਕੋਈ ਵੀ ਕੰਪਨੀ ਇਸ਼ਤਿਹਾਰਾਂ ‘ਤੇ ਖਰਚ ਕਰਦੇ ਸਮੇਂ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੰਦੀ ਹੈ ਕਿ ਕੀ ਉਸਦਾ ਵਿਗਿਆਪਨ ਟੀਚੇ ਵਾਲੇ ਦਰਸ਼ਕਾਂ ਤੱਕ ਪਹੁੰਚਦਾ ਵੀ ਹੈ, ਜਾਂ ਨਹੀਂ। ਰਿਸ਼ੀ ਸ਼ਾਹ ਦੀ ਕੰਪਨੀ ਦੀ ਸੇਵਾ ਇਸ ਪੱਖੋਂ ਵਿਲੱਖਣ ਸੀ ਕਿ ਇਹ ਡਾਕਟਰਾਂ ਦੇ ਕਲੀਨਿਕਾਂ ਵਿਚ ਫਾਰਮਾ ਵਿਗਿਆਪਨ ਦਿਖਾਉਂਦੀ ਸੀ, ਤਾਂ ਜੋ ਇਹ ਵਿਗਿਆਪਨ ਸਿੱਧੇ ਤੌਰ ‘ਤੇ ਇਸਦੇ ਨਿਸ਼ਾਨੇ ਵਾਲੇ ਦਰਸ਼ਕਾਂ ਨੂੰ ਦਿਖਾਈ ਦੇਣ ਅਤੇ ਫਾਰਮਾ ਕੰਪਨੀਆਂ ਇਸ ਲਈ ਰਿਸ਼ੀ ਨੂੰ ਮੋਟੀ ਫੀਸ ਦੇਣ ਲਈ ਤਿਆਰ ਹੁੰਦੀਆਂ ਸਨ।
ਰਿਸ਼ੀ ਸ਼ਾਹ ਦੀ ਕੰਪਨੀ ਨੇ ਅਸਲ ਵਿਚ ਉਨ੍ਹਾਂ ਡਾਕਟਰਾਂ ਦੀ ਗਿਣਤੀ ਦੇ ਅਸਲ ਅੰਕੜੇ ਛੁਪਾਏ, ਜਿਨ੍ਹਾਂ ਨੇ ਅਸਲ ਵਿਚ ਆਪਣੇ ਟੀ.ਵੀ. ਅਤੇ ਟੈਬਲੇਟ ਉਥੇ ਲਗਾਏ ਹੋਏ ਸਨ ਅਤੇ ਆਪਣੇ ਗਾਹਕਾਂ ਨੂੰ ਝੂਠੇ ਅਤੇ ਵੱਡੇ ਅੰਕੜੇ ਪੇਸ਼ ਕੀਤੇ ਅਤੇ ਝੂਠੇ ਵਾਅਦੇ ਕਰਕੇ ਉਨ੍ਹਾਂ ਤੋਂ ਹੋਰ ਡਾਲਰਾਂ ਦੀ ਲੁੱਟ-ਖਸੁੱਟ ਕੀਤੀ ਕਿ ਉਨ੍ਹਾਂ ਦੇ ਇਸ਼ਤਿਹਾਰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣਗੇ।
ਕੰਪਨੀਆਂ ਨੂੰ ਧੋਖਾ ਦੇਣ ਦੇ ਨਾਲ-ਨਾਲ ਰਿਸ਼ੀ ਸ਼ਾਹ ਨੇ ਨਿਵੇਸ਼ਕਾਂ ਤੋਂ ਫੰਡ ਅਤੇ ਸੁਰੱਖਿਅਤ ਕਰਜ਼ੇ ਪ੍ਰਾਪਤ ਕਰਨ ਲਈ ਕੰਪਨੀ ਦੇ ਮਾਲੀਏ ਦੇ ਅੰਕੜਿਆਂ ਵਿਚ ਵੀ ਹੇਰਾਫੇਰੀ ਕੀਤੀ ਅਤੇ ਰਿਣਦਾਤਿਆਂ ਅਤੇ ਉੱਚ-ਪ੍ਰੋਫਾਈਲ ਨਿਵੇਸ਼ਕਾਂ ਤੋਂ 1 ਬਿਲੀਅਨ ਡਾਲਰ ਇਕੱਠੇ ਕੀਤੇ। ਹਾਲਾਂਕਿ, ਰਿਸ਼ੀ ਸ਼ਾਹ ਦੀ ਕੰਪਨੀ ਆਉਟਕਮ ਹੈਲਥ ਦੇ ਇੱਕ ਸਾਬਕਾ ਵਿਸ਼ਲੇਸ਼ਕ ਨੇ ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਨੂੰ ਕੰਪਨੀ ਵਿਚ ਚੱਲ ਰਹੀ ਧੋਖਾਧੜੀ ਦੀ ਗਤੀਵਿਧੀ ਬਾਰੇ ਸੰਵੇਦਨਸ਼ੀਲ ਜਾਣਕਾਰੀ ਵੀ ਦਿੱਤੀ ਸੀ, ਜਿਸ ‘ਤੇ ਅਖਬਾਰ ਨੇ 2017 ਵਿਚ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਵੀ ਪ੍ਰਕਾਸ਼ਤ ਕੀਤੀ ਸੀ, ਜਿਸ ਦਾ ਪ੍ਰਤੀਕਰਮ ਸ਼ੁਰੂ ਹੋਇਆ ਸੀ। ਰਿਸ਼ੀ ਸ਼ਾਹ ਅਤੇ ਉਸਦੀ ਕੰਪਨੀ ‘ਤੇ, ਵਾਲ ਸਟਰੀਟ ਜਰਨਲ ਵਿਚ ਇੱਕ ਰਿਪੋਰਟ ਦੇ ਨਤੀਜਿਆਂ ਹੈਲਥ ਦੇ ਕਾਰੋਬਾਰ ਨੂੰ ਉਲਟਾ ਦਿੱਤਾ। ਨਿਵੇਸ਼ਕਾਂ ਨੇ ਰਿਸ਼ੀ ਸ਼ਾਹ ਅਤੇ ਸ਼ਰਧਾ ਅਗਰਵਾਲ ‘ਤੇ ਮੁਕੱਦਮਾ ਦਰਜ ਕੀਤਾ, ਜਿਨ੍ਹਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ। ਹਾਲਾਂਕਿ ਕੰਪਨੀ ਨੇ 2018 ਵਿਚ ਨਿਵੇਸ਼ਕਾਂ ਅਤੇ ਰਿਣਦਾਤਿਆਂ ਨਾਲ ਸਮਝੌਤਾ ਕੀਤਾ ਅਤੇ 2019 ਵਿਚ ਕੰਪਨੀ ਨੇ ਸੰਘੀ ਧੋਖਾਧੜੀ ਦੀਆਂ ਜਾਂਚਾਂ ਨੂੰ ਹੱਲ ਕਰਨ ਲਈ ਫਾਰਮਾ ਕੰਪਨੀਆਂ ਨੂੰ 70 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤੀ ਦਿੱਤੀ।
ਪਰ ਫਿਰ ਵੀ ਘੁਟਾਲੇ ਵਿਚ ਕੰਪਨੀ ਦੇ ਤਿੰਨ ਉੱਚ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਲਈ ਅਦਾਲਤ ਵਿਚ ਇੱਕ ਅਪਰਾਧਿਕ ਧੋਖਾਧੜੀ ਦਾ ਮੁਕੱਦਮਾ ਸ਼ੁਰੂ ਹੋਇਆ ਸੀ। ਰਿਸ਼ੀ ਸ਼ਾਹ ਨੂੰ ਸ਼ਜਾ ਸੁਣਾਉਦੇ ਹੋਏ ਯੂ.ਐੱਸ. ਜ਼ਿਲ੍ਹਾ ਜੱਜ ਥਾਮਸ ਡਰਕਿਨ ਨੇ ਕਿਹਾ ਕਿ ਦੋਸ਼ੀ ਨੇ ਆਪਣੇ ਲਾਲਚ ਨੂੰ ਪੂਰਾ ਕਰਨ ਅਤੇ ਵੱਡਾ ਆਦਮੀ ਬਨਣ ਲਈ ਬਹੁਤ ਹੀ ਚਲਾਕੀ ਨਾਲ ਪੂਰੇ ਘੁਟਾਲੇ ਨੂੰ ਅੰਜਾਮ ਦਿੱਤਾ। ਇਸ ਦੇ ਨਾਲ ਹੀ ਇਹ ਯਕੀਨੀ ਬਣਾਉਣ ਲਈ ਹਰ ਤਰ੍ਹਾਂ ਦਾ ਧਿਆਨ ਰੱਖਿਆ ਗਿਆ ਕਿ ਕੋਈ ਗਲਤੀ ਨਾ ਹੋਵੇ। ਸਰਕਾਰੀ ਵਕੀਲ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਰਿਸ਼ੀ ਸ਼ਾਹ 1 ਬਿਲੀਅਨ ਡਾਲਰ ਦੇ ਘੁਟਾਲੇ ਦਾ ਮਾਸਟਰ ਮਾਈਂਡ ਸੀ। ਉਸ ਨੂੰ ਘੱਟੋ-ਘੱਟ 15 ਸਾਲ ਕੈਦ ਦੀ ਸ਼ਜਾ ਦੇਣ ਦੀ ਮੰਗ ਕੀਤੀ। ਆਖਰਕਾਰ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਰਿਸ਼ੀ ਸ਼ਾਹ ਨੂੰ ਸਾਢੇ ਸੱਤ ਸਾਲ ਦੀ ਸ਼ਜਾ ਸੁਣਾਈ। ਪਰ ਰਿਸ਼ੀ ਸ਼ਾਹ ਨੇ ਹੇਠਲੀ ਅਦਾਲਤ ਵੱਲੋਂ ਸੁਣਾਈ ਸ਼ਜਾ ਖਿਲਾਫ ਅਪੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰਿਸ਼ੀ ਸ਼ਾਹ ‘ਤੇ ਕੁੱਲ 22 ਦੋਸ਼ ਆਇਦ ਕੀਤੇ ਗਏ ਸਨ, ਜਿਨ੍ਹਾਂ ਵਿਚ ਅਦਾਲਤ ਨੇ 19 ਦੋਸ਼ਾਂ ‘ਚ ਉਸ ਨੂੰ ਦੋਸ਼ੀ ਠਹਿਰਾਇਆ ਸੀ।