ਵਿਰੋਧੀ ਪਾਰਟੀਆਂ ਨੇ ਸੰਸਦ ‘ਚ ਉਠਾਇਆ ਮੁੱਦਾ; ਅਮਰੀਕਾ ਨੂੰ ਭਾਰਤੀਆਂ ਨਾਲ ਬਦਸਲੂਕੀ ਨਾ ਕਰਨ ਲਈ ਕਹਾਂਗੇ: ਜੈਸ਼ੰਕਰ
ਚੰਡੀਗੜ੍ਹ, 6 ਫਰਵਰੀ (ਪੰਜਾਬ ਮੇਲ)- ਅਮਰੀਕਾ ਦੀ ਸਰਹੱਦੀ ਸੁਰੱਖਿਆ ਏਜੰਸੀ ਯੂਨਾਈਟਿਡ ਸਟੇਟਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਯੂ.ਐੱਸ.ਬੀ.ਪੀ.) ਵੱਲੋਂ ਬੀਤੇ ਦਿਨੀਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਹਥਕੜੀਆਂ ਅਤੇ ਬੇੜੀਆਂ ਵਿਚ ਜਕੜ ਕੇ ਭਾਰਤ ਭੇਜੇ ਜਾਣ ਦੀ ਵੀਡੀਓ ਫੁਟੇਜ ਜਾਰੀ ਕਰਨ ‘ਤੇ ਭਾਰਤ ਭਰ ‘ਚ ਗੁੱਸਾ ਤੇ ਰੋਹ ਪਾਇਆ ਜਾ ਰਿਹਾ ਹੈ।
ਯੂ.ਐੱਸ.ਬੀ.ਪੀ. ਮੁਖੀ ਮਾਈਕਲ ਡਬਲਿਊ ਬੈਂਕਸ ਨੇ ਵੀਰਵਾਰ ਨੂੰ ਵੀਡੀਓ ਸਾਂਝਾ ਕਰਦਿਆਂ ਲਿਖਿਆ ਹੈ: ਯੂ.ਐੱਸ.ਬੀ.ਪੀ. ਅਤੇ ਭਾਈਵਾਲਾਂ ਨੇ ਗੈਰ-ਕਾਨੂੰਨੀ ਵਿਦੇਸ਼ੀਆਂ ਨੂੰ ਸਫਲਤਾਪੂਰਵਕ ਭਾਰਤ ਵਾਪਸ ਭੇਜ ਦਿੱਤਾ ਹੈ, ਜੋ ਕਿ ਫੌਜੀ ਆਵਾਜਾਈ ਦੀ ਵਰਤੋਂ ਕਰ ਕੇ ਹੁਣ ਤੱਕ ਦੀ ਸਭ ਤੋਂ ਦੂਰੇਡੀ ਦੇਸ਼ ਨਿਕਾਲੇ ਦੀ ਉਡਾਣ ਹੈ। ਇਹ ਮਿਸ਼ਨ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਗੈਰਕਾਨੂੰਨੀ ਤੌਰ ‘ਤੇ ਆਏ ਲੋਕਾਂ ਨੂੰ ਤੇਜ਼ੀ ਨਾਲ ਹਟਾਉਣ ਦੀ ਕਾਰਵਾਈ ਨੂੰ ਯਕੀਨੀ ਬਣਾਉਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਜੇ ਤੁਸੀਂ ਗੈਰਕਾਨੂੰਨੀ ਤੌਰ ‘ਤੇ ਸਰਹੱਦ ਪਾਰ ਕਰਦੇ ਹੋ, ਤਾਂ ਤੁਹਾਨੂੰ ਮੁਲਕ ਵਿਚੋਂ ਕੱਢ ਦਿੱਤਾ ਜਾਵੇਗਾ।”
ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਇਹ ਭਾਰਤੀ ਹੱਥਾਂ ਵਿਚ ਹਥਕੜੀਆਂ ਅਤੇ ਪੈਰਾਂ ਵਿਚ ਬੇੜੀਆਂ ਨਾਲ ਜਕੜੇ ਹੋਏ ਅਮਰੀਕੀ ਜਹਾਜ਼ ਵਿਚ ਦਾਖਲ ਹੋ ਰਹੇ ਹਨ। ਡਿਪੋਰਟ ਕੀਤੇ ਗਏ ਲੋਕ ਅਮਰੀਕੀ ਹਵਾਈ ਸੈਨਾ ਦੇ ਜਹਾਜ਼ ਸੀ-17 ਗਲੋਬਮਾਸਟਰ ਵਿਚ ਸਵਾਰ ਹੁੰਦੇ ਦਿਖਾਈ ਦੇ ਰਹੇ ਹਨ। ਉਹ ਬੁੱਧਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇ।
ਉਨ੍ਹਾਂ ਨਾਲ ਕੀਤੇ ਗਏ ਅਜਿਹੇ ‘ਅਣਮਨੁੱਖੀ’ ਸਲੂਕ ਦਾ ਸੰਸਦ ਵਿਚ ਵਿਰੋਧੀ ਪਾਰਟੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਨਵੀਂ ਦਿੱਲੀ ਇਹ ਯਕੀਨੀ ਬਣਾਏ ਜਾਣ ਲਈ ਅਮਰੀਕਾ ਨਾਲ ਗੱਲਬਾਤ ਕਰ ਰਹੀ ਹੈ ਕਿ ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਸਮੇਂ ਉਨ੍ਹਾਂ ਨਾਲ ਅਜਿਹੀ ਬਦਸਲੂਕੀ ਨਾ ਕੀਤੀ ਜਾਵੇ।
ਜੈਸ਼ੰਕਰ ਨੇ ਸੰਸਦ ਨੂੰ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਦੁਆਰਾ ਅਪਣਾਈ ਗਈ ਦੇਸ਼ ਨਿਕਾਲੇ ਦੀ ਇਹ ਪ੍ਰਕਿਰਿਆ ਕੋਈ ਨਵੀਂ ਨਹੀਂ ਹੈ ਅਤੇ ਇਹ ਨੀਤੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਜੱਦੀ ਮੁਲਕਾਂ ਵਿਚ ਵਾਪਸ ਭੇਜੇ ਜਾਣ ਅਤੇ ਅਜਿਹੀਆਂ ਪਾਬੰਦੀਆਂ ਦੀ ਵਰਤੋਂ ਦੀ ਇਜਾਜ਼ਤ ਦਿੰਦੀ ਹੈ।
ਅਮਰੀਕਾ ਨੇ ਇਹ ਕਾਰਵਾਈ ਅਮਰੀਕੀ ਕਾਰਵਾਈ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਵਿਆਪਕ ਗੱਲਬਾਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਸ਼ਿੰਗਟਨ ਦੇ ਕੀਤੇ ਜਾਣ ਵਾਲੇ ਦੌਰੇ ਤੋਂ ਕੁਝ ਦਿਨ ਪਹਿਲਾਂ ਕੀਤੀ ਹੈ।
ਡਿਪੋਰਟ ਕੀਤੇ ਗਏ ਲੋਕਾਂ ਤੋਂ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਦੇ ਅੰਦਰ ਪੰਜਾਬ ਪੁਲਿਸ ਸਮੇਤ ਵੱਖ-ਵੱਖ ਸਰਕਾਰੀ ਏਜੰਸੀਆਂ ਅਤੇ ਸੂਬਾਈ ਤੇ ਕੇਂਦਰੀ ਖੁਫੀਆ ਏਜੰਸੀਆਂ ਵੱਲੋਂ ਪੁੱਛਗਿੱਛ ਕੀਤੀ ਗਈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਤਾਂ ਨਹੀਂ ਹੈ।