ਮੁੰਬਈ, 30 ਜਨਵਰੀ (ਪੰਜਾਬ ਮੇਲ)- ਮਾਸਕੋ ਸਿਟੀ ਟੂਰਿਜ਼ਮ ਕਮੇਟੀ ਭਾਰਤ ਸਰਕਾਰ ਨਾਲ ‘ਸਮੂਹ ਵੀਜ਼ਾ-ਫਰੀ ਵਿਵਸਥਾ’ ਲਈ ਗੱਲਬਾਤ ਕਰ ਰਹੀ ਹੈ। ਇਸ ਦੇ ਤਹਿਤ ਇਕ ਸਮੂਹ ‘ਚ ਯਾਤਰਾ ਕਰਨ ਵਾਲੇ ਸੈਲਾਨੀਆਂ ਦੀ ਇਕ ਤੈਅ ਗਿਣਤੀ ਨੂੰ ਬਿਨਾਂ ਵੀਜ਼ੇ ਦੇ ਰੂਸ ‘ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਮਾਸਕੋ ਸਿਟੀ ਟੂਰਿਜ਼ਮ ਕਮੇਟੀ ਦੇ ਚੇਅਰਮੈਨ ਏਵਗੇਨੀ ਕੋਜ਼ਲੋਵ ਨੇ ਇਕ ਪ੍ਰੋਗਰਾਮ ਦੌਰਾਨ ਦੱਸਿਆ, ”ਸੈਲਾਨੀਆਂ ਦੇ ਇਕ ਸਮੂਹ ‘ਚ ਰੂਸ ਦੀ ਯਾਤਰਾ ਕਰਨ ‘ਤੇ, ਯਾਤਰਾ ਨੂੰ ਵੀਜ਼ਾ ਫਰੀ ਬਣਾਉਣ ਲਈ ਦਸਤਾਵੇਜ਼ ‘ਚ ਇਕ ਵਿਸ਼ੇਸ਼ ਗਿਣਤੀ ਦਾ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ। ਉਦਾਹਰਣ ਲਈ ਚੀਨੀ ਦਸਤਾਵੇਜ਼ ‘ਚ ਸਮੂਹ ‘ਚ 10 ਤੋਂ 20 ਲੋਕ ਹੋਣੇ ਚਾਹੀਦੇ ਹਨ। ਅਸੀਂ ਇਸ ਸਹੂਲਤ ਦਾ ਫਾਇਦਾ ਚੁੱਕਣ ਲਈ ਭਾਰਤੀ ਵਿਦੇਸ਼ ਮੰਤਰਾਲਾ ਨਾਲ ਗੱਲਬਾਤ ਕਰ ਰਹੇ ਹਾਂ, ਤਾਂ ਜੋ ਇਕ ਸਮੂਹ ‘ਚ ਸ਼ਾਮਲ ਲੋਕਾਂ ਦੀ ਗਿਣਤੀ ‘ਤੇ ਅੰਤਿਮ ਸਮਝੌਤਾ ਕੀਤਾ ਜਾ ਸਕੇ।”
ਉਨ੍ਹਾਂ ਅੱਗੇ ਕਿਹਾ ਕਿ ਭਾਰਤ ਇਕ ਮਹੱਤਵਪੂਰਨ ਦੇਸ਼ ਹੈ ਅਤੇ ਚੀਨ ਤੋਂ ਬਾਅਦ ਦੂਰ-ਦੁਰਾਡੇ ਦੇ ਦੇਸ਼ਾਂ ‘ਚ ਸਰੋਤ ਬਾਜ਼ਾਰ ਦੇ ਮਾਮਲੇ ‘ਚ ਦੂਜੇ ਸਥਾਨ ‘ਤੇ ਹੈ। ਕੋਜ਼ਲੋਵ ਨੇ ਕਿਹਾ, ”ਭਾਰਤ ਸਾਡੇ ਲਈ ਇਕ ਤਰਜੀਹ ਵਾਲਾ ਬਾਜ਼ਾਰ ਹੈ। ਸਾਡੇ ਲਈ ਦੂਰ-ਦੁਰਾਡੇ ਦੇ ਦੇਸ਼ਾਂ ‘ਚ ਚੀਨ ਪਹਿਲੇ ਸਥਾਨ ‘ਤੇ ਹੈ, ਉਸ ਤੋਂ ਬਾਅਦ ਭਾਰਤ ਹੈ। ਭਾਰਤੀ ਯਾਤਰਾ ਕਰਦੇ ਸਮੇਂ ਕਾਫ਼ੀ ਖਰਚਾ ਕਰਦੇ ਹਨ। ਉਹ ਪ੍ਰਤੀ ਵਿਅਕਤੀ, ਪ੍ਰਤੀ ਯਾਤਰਾ ‘ਤੇ ਲੱਗਭਗ 2,000 ਅਮਰੀਕੀ ਡਾਲਰ ਖਰਚ ਕਰਦੇ ਹਨ।” ਉਨ੍ਹਾਂ ਕਿਹਾ ਕਿ 2024 ਦੇ ਪਹਿਲੇ 9 ਮਹੀਨਿਆਂ ਭਾਵ ਜਨਵਰੀ-ਸਤੰਬਰ ਦੌਰਾਨ ਮਾਸਕੋ ‘ਚ 61,000 ਭਾਰਤੀਆਂ ਸਮੇਤ 1.97 ਕਰੋੜ ਮਹਿਮਾਨ ਆਏ।
ਭਾਰਤੀਆਂ ਦੀ ਰੂਸ ‘ਚ ਹੋਵੇਗੀ ਵੀਜ਼ਾ-ਫ੍ਰੀ ਐਂਟਰੀ!
