#INDIA

ਭਾਜਪਾ ਵਿਧਾਇਕ ਦਾ ਪੁੱਤ ਰਿਸ਼ਵਤ ਲੈਂਦਾ ਕਾਬੂ, ਛਾਪੇ ਦੌਰਾਨ ਮਿਲੇ 6 ਕਰੋੜ ਰੁਪਏ

ਬੰਗਲੌਰ, 4 ਮਾਰਚ (ਪੰਜਾਬ ਮੇਲ)- ਲੋਕਾਯੁਕਤ ਪੁਲੀਸ ਨੇ ਠੇਕੇਦਾਰ ਤੋਂ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਫੜੇ ਜਾਣ ਤੋਂ ਇਕ ਦਿਨ ਬਾਅਦ ਭਾਜਪਾ ਵਿਧਾਇਕ ਮਦਾਲ ਵਿਰੂਪਕਸ਼ੱਪਾ ਦੇ ਪੁੱਤਰ ਪ੍ਰਸ਼ਾਂਤ ਕੁਮਾਰ ਦੇ ਘਰੋਂ ਛੇ ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਲੋਕਾਯੁਕਤ ਸੂਤਰਾਂ ਅਨੁਸਾਰ ਬੰਗਲੌਰ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਲੇਖਾ ਅਧਿਕਾਰੀ ਪ੍ਰਸ਼ਾਂਤ ਨੂੰ ਕਰਨਾਟਕ ਸੋਪ ਐਂਡ ਡਿਟਰਜੈਂਟ ਲਿਮਟਿਡ (ਕੇਐੱਸਡੀਐੱਲ) ਦੇ ਦਫ਼ਤਰ ਵਿੱਚ ਠੇਕੇਦਾਰ ਤੋਂ 40 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਲੋਕਾਯੁਕਤ ਸੂਤਰਾਂ ਨੇ ਦੱਸਿਆ ਕਿ ਵਿਰੂਪਕਸ਼ੱਪਾ ਕੇਐੱਸਡੀਐੱਲ ਦਾ ਚੇਅਰਮੈਨ ਹੈ ਅਤੇ ਪ੍ਰਸ਼ਾਂਤ ਕਥਿਤ ਤੌਰ ‘ਤੇ ਆਪਣੇ ਪਿਤਾ ਦੀ ਤਰਫੋਂ ਰਿਸ਼ਵਤ ਦੀ ‘ਪਹਿਲੀ ਕਿਸ਼ਤ’ ਲੈ ਰਿਹਾ ਸੀ। ਪੁਲੀਸ ਮੁਲਾਜ਼ਮਾਂ ਨੂੰ ਕੇਐੱਸਡੀਐੱਲ ਦਫ਼ਤਰ ਵਿੱਚੋਂ ਨਕਦੀ ਨਾਲ ਭਰੇ ਤਿੰਨ ਬੈਗ ਵੀ ਮਿਲੇ ਹਨ। ਲੋਕਾਯੁਕਤ ਅਧਿਕਾਰੀਆਂ ਨੇ ਪ੍ਰਸ਼ਾਂਤ ਦੇ ਫੜੇ ਜਾਣ ਤੋਂ ਤੁਰੰਤ ਬਾਅਦ ਉਸ ਦੇ ਘਰ ਛਾਪਾ ਮਾਰਿਆ।

Leave a comment