#PUNJAB

ਭਾਜਪਾ ਪ੍ਰਧਾਨ ਜਾਖੜ ਵੱਲੋਂ ਅਕਾਲੀ ਦਲ ਨਾਲ ਗੱਠਜੋੜ ਦੀ ਹਮਾਇਤ

ਚੰਡੀਗੜ੍ਹ, 9 ਮਾਰਚ (ਪੰਜਾਬ ਮੇਲ)- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਹਮਾਇਤ ਕਰਦਿਆਂ ਪੰਜਾਬ ‘ਚ ਅਗਲੀਆਂ ਲੋਕ ਸਭਾ ਚੋਣਾਂ ਲਈ ਚੋਣ ਮੁਹਿੰਮ ਦਾ ਬਿਗਲ ਵਜਾ ਦਿੱਤਾ ਹੈ। ਜਾਖੜ ਨੇ ‘ਸੰਕਲਪ ਪੱਤਰ’ ਦੀ ਤਿਆਰੀ ਲਈ ਲੋਕਾਂ ਤੋਂ ਸੁਝਾਅ ਲੈਣ ਲਈ ਪਿੰਡਾਂ-ਸ਼ਹਿਰਾਂ ਵਾਸਤੇ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਅੱਜ ਇੱਥੋਂ ਰਵਾਨਾ ਕੀਤਾ। ਚੇਤੇ ਰਹੇ ਕਿ ਸੁਨੀਲ ਜਾਖੜ ਨੇ 2 ਮਾਰਚ ਨੂੰ ਲੋਕਾਂ ਦੀ ਇੱਛਾ ਦੇ ਹਵਾਲੇ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਹਮਾਇਤ ਕੀਤੀ ਸੀ।
ਉਨ੍ਹਾਂ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਸੰਘਵਾਦ ਵਿਚ ਖੇਤਰੀ ਪਾਰਟੀਆਂ ਦੀ ਅਹਿਮ ਭੂਮਿਕਾ ਹੈ, ਜਿਨ੍ਹਾਂ ਵੱਲੋਂ ਕਿਸੇ ਖ਼ਾਸ ਖ਼ਿੱਤੇ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਇੱਛਾਵਾਂ ਦੀ ਤਰਜਮਾਨੀ ਕੀਤੀ ਜਾਂਦੀ ਹੈ। ਪੰਜਾਬ ਇੱਕ ਘੱਟ ਗਿਣਤੀ ਦਾ ਪ੍ਰਤੀਨਿਧ ਸੂਬਾ ਹੈ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲੋਕ ਦੇਖਣਾ ਚਾਹੁੰਦੇ ਹਨ, ਤਾਂ ਕਿ ਕੇਂਦਰ ‘ਚ ਉਨ੍ਹਾਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਰੱਖਿਆ ਜਾ ਸਕੇ।
ਸ਼੍ਰੀ ਜਾਖੜ ਨੇ ਪੰਜਾਬ ਲੀਡਰਸ਼ਿਪ ਤਰਫ਼ੋਂ ਆਪਣੀ ਸਿਆਸੀ ਭਾਵਨਾ ਦਰਸਾ ਦਿੱਤੀ ਹੈ, ਜਿਸ ਤੋਂ ਜਾਪਦਾ ਹੈ ਕਿ ਜਲਦ ਅਕਾਲੀ ਦਲ ਤੇ ਭਾਜਪਾ ਦਰਮਿਆਨ ਗੱਠਜੋੜ ਹੋਣ ਦੀ ਖ਼ਬਰ ਸਾਹਮਣੇ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਤੇ ਕਾਂਗਰਸ ਤਾਂ ਆਪਸ ਵਿਚ ਮਿਲ ਗਏ ਹਨ, ਜਿਸ ਕਰਕੇ ਲੋਕ ਇਨ੍ਹਾਂ ਨੂੰ ਨਕੇਲ ਪਾਉਣ ਵਾਸਤੇ ਨਵੇਂ ਗੱਠਜੋੜ ਵੱਲ ਦੇਖ ਰਹੇ ਹਨ, ਜਿਸ ਸਬੰਧੀ ਆਖ਼ਰੀ ਫ਼ੈਸਲਾ ਪਾਰਟੀ ਹਾਈ ਕਮਾਨ ਨੇ ਲੈਣਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਤਰਫ਼ੋਂ ਸੂਬੇ ‘ਚ 13 ਸੀਟਾਂ ਵਾਸਤੇ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਨੂੰ ਫਿਰੌਤੀਆਂ ਦੇ ਫ਼ੋਨ ਖੜਕ ਰਹੇ ਹਨ, ਜਦਕਿ ਕਾਂਗਰਸੀਆਂ ਨੂੰ ਵਿਜੀਲੈਂਸ ਦੇ ਫ਼ੋਨ ਡਰਾ ਰਹੇ ਹਨ।
ਜਾਖੜ ਨੇ ਕਿਹਾ ਕਿ ਕਾਂਗਰਸ ਨੇ ਤਾਂ ਪੰਜਾਬ ਵਿਚ ‘ਆਪ’ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਹਨ। ਕਿਸਾਨ ਅੰਦੋਲਨ ਦੇ ਸੰਦਰਭ ‘ਚ ਜਾਖੜ ਨੇ ਕਿਹਾ ਕਿ ਕਿਸਾਨ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਘੋਲ ਲਈ ਨਾ ਵਰਤਣ। ਉਨ੍ਹਾਂ ਇਹ ਵੀ ਦੱਸਿਆ ਕਿ ਮੋਦੀ ਦੀ ਗਾਰੰਟੀ ਵਾਲਾ ‘ਸੰਕਲਪ ਪੱਤਰ’ ਪੰਜਾਬ ਵਿਚ ਤਿਆਰ ਕਰਨ ਵਾਸਤੇ ਪਿੰਡਾਂ ਵਿਚ ਦੋ-ਦੋ ਵੈਨਾਂ ਭੇਜੀਆਂ ਜਾ ਰਹੀਆਂ ਹਨ ਅਤੇ ਲੋਕਾਂ ਤੋਂ ਸੁਝਾਓ ਲਏ ਜਾਣਗੇ। ਸੁਝਾਓ ਪੇਟੀਆਂ ਵਿਚ ਲੋਕ ਆਪਣੇ ਮਸ਼ਵਰੇ ਪਾ ਸਕਣਗੇ। ਜਾਖੜ ਨੇ ਦੱਸਿਆ ਕਿ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਜਲਦ ਭਾਜਪਾ ਵਿਚ ਸ਼ਾਮਿਲ ਹੋਣਗੇ। ਦਸ ਦਿਨਾਂ ਵਿਚ ਇਨ੍ਹਾਂ ਸੁਝਾਵਾਂ ਨੂੰ ਕੇਂਦਰੀ ਲੀਡਰਸ਼ਿਪ ਕੋਲ ਭੇਜ ਦਿੱਤਾ ਜਾਵੇਗਾ।