– ਠਾਕਰੇ ਭਰਾਵਾਂ ਦੀਆਂ ਉਮੀਦਾਂ ‘ਤੇ ਫਿਰਿਆ ਪਾਣੀ; ਫੜਨਵੀਸ ਨੇ ਜਿੱਤ ਦਾ ਸਿਹਰਾ ਮਹਾਰਾਸ਼ਟਰ ਦੇ ਲੋਕਾਂ ਸਿਰ ਬੰਨ੍ਹਿਆ
ਮੁੰਬਈ, 16 ਜਨਵਰੀ (ਪੰਜਾਬ ਮੇਲ)- ਮਹਾਰਾਸ਼ਟਰ ਦੀ ਸਿਆਸਤ ‘ਚ ਭਾਜਪਾ ਦਾ ਦਬਦਬਾ ਹੋਵੇਗਾ ਕਿਉਂਕਿ ਭਾਜਪਾ ਨੇ ਮੁੰਬਈ ਅਤੇ ਪੁਣੇ ਦੀਆਂ ਨਗਰ ਨਿਗਮ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਲਗਪਗ ਤਿੰਨ ਦਹਾਕਿਆਂ ਤੋਂ ਸ਼ਿਵ ਸੈਨਾ ਦੇ ਕਬਜ਼ੇ ਹੇਠ ਰਹੀ ਬ੍ਰਿਹਨਮੁੰਬਈ ਮਿਊਂਸਿਪਲ ਕਾਰਪੋਰੇਸ਼ਨ (ਬੀ.ਐੱਮ.ਸੀ.) ਵਿਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ।
ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੂੰ 227 ਵਿਚੋਂ ਲਗਪਗ 125 ਸੀਟਾਂ ਮਿਲਣ ਦੀ ਉਮੀਦ ਹੈ। ਬੀ.ਐੱਮ.ਸੀ. ਦੇਸ਼ ਦੀ ਸਭ ਤੋਂ ਅਮੀਰ ਨਗਰ ਨਿਗਮ ਹੈ, ਜਿਸਦਾ 2025-26 ਦਾ ਬਜਟ ਕਰੀਬ 74,427 ਕਰੋੜ ਰੁਪਏ ਹੈ। ਇਸ ਦੌਰਾਨ ਮੁੱਖ ਮੰਤਰੀ ਫੜਨਵੀਸ ਨੇ ਕਿਹਾ, ”ਇਹ ਜਿੱਤ ਮਹਾਰਾਸ਼ਟਰ ਦੇ ਲੋਕਾਂ ਦੇ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਉੱਤੇ ਭਰੋਸੇ ਨੂੰ ਦਰਸਾਉਂਦੀ ਹੈ।” ਉਨ੍ਹਾਂ ਕਿਹਾ ਕਿ ਬਾਲਾਸਾਹਿਬ ਦੇ ਆਸ਼ੀਰਵਾਦ ਨਾਲ ਹੀ ਜਿੱਤ ਸੰਭਵ ਹੋਈ।
ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਦੇ ਵਧੀਆ ਪ੍ਰਦਰਸ਼ਨ ਨਾਲ ਭਾਜਪਾ ਨੂੰ ਹੁਣ ਨਗਰ ਨਿਗਮ ਦੀ ਸੱਤਾ ਸੰਭਾਲਣ ਲਈ ਹੋਰ ਮਜ਼ਬੂਤੀ ਮਿਲੀ ਹੈ। ਇਸ ਚੋਣ ਵਿਚ ਲਗਪਗ ਦੋ ਦਹਾਕਿਆਂ ਬਾਅਦ ਠਾਕਰੇ ਭਰਾ ਮੁੜ ਇਕੱਠੇ ਹੋਏ ਸਨ, ਪਰ ਨਤੀਜਿਆਂ ਨੇ ਉਨ੍ਹਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ।
ਪੁਣੇ ਅਤੇ ਪਿੰਪਰੀ-ਚਿੰਚਵਾੜ ਨਗਰ ਨਿਗਮ ਚੋਣਾਂ ਵਿਚ ਵੀ ਭਾਜਪਾ ਨੇ ਐੱਨ.ਸੀ.ਪੀ. ਅਤੇ ਐੱਨ.ਸੀ.ਪੀ. (ਐੱਸ.ਪੀ.) ਦੇ ਗਠਜੋੜ ਨੂੰ ਪਿੱਛੇ ਛੱਡਦਿਆਂ ਵੱਡੀ ਬੜਤ ਬਣਾਈ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ‘ਚ ਭਾਜਪਾ ਨੇ 2017 ਦੀਆਂ ਬੀ.ਐੱਮ.ਸੀ. ਚੋਣਾਂ ਦੇ ਪਿਛਲੇ ਰਿਕਾਰਡ 82 ਸੀਟਾਂ ਨੂੰ ਵੀ ਪਾਰ ਕਰ ਲਿਆ ਹੈ।
ਭਾਜਪਾ ਦੀ ”ਮਿਸ਼ਨ ਮੁੰਬਈ” ਸਫਲਤਾ ਨਾਲ ਪਾਰਟੀ ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਵਿਚ ਇੱਕ ਮੁੱਖ ਸਿਆਸੀ ਤਾਕਤ ਵਜੋਂ ਸਥਾਪਿਤ ਕਰ ਦਿੱਤਾ ਹੈ। ਸਾਲਾਂ ਤੱਕ ਸ਼ਿਵ ਸੈਨਾ ਦਾ ਗੜ੍ਹ ਮੰਨੀ ਜਾਂਦੀ ਬੀ.ਐੱਮ.ਸੀ. ਵਿਚ ਇਹ ਨਤੀਜੇ ਮੁੰਬਈ ਦੀ ਸੱਤਾ ਵਿਚ ਵੱਡਾ ਬਦਲਾਅ ਦਰਸਾਉਂਦੇ ਹਨ।
ਭਾਜਪਾ ਨੇ ਮੁੰਬਈ ਅਤੇ ਪੁਣੇ ਦੀਆਂ ਨਗਰ ਨਿਗਮ ਚੋਣਾਂ ‘ਚ ਦਰਜ ਕੀਤੀ ਸ਼ਾਨਦਾਰ ਜਿੱਤ

