#PUNJAB

ਭਾਜਪਾ ਨੇਤਾ ਲਾਲਪੁਰਾ ਵੱਲੋਂ ਬਿਜਨੌਰ ਗੁਰਦੁਆਰਾ ਹਿੰਸਾ ਦੀ ਨਿੰਦਾ; ਐੱਨ.ਸੀ.ਐੱਮ. ਨੇ ਮੰਗੀ ਜਾਂਚ ਰਿਪੋਰਟ

ਰੋਪੜ, 3 ਜਨਵਰੀ (ਪੰਜਾਬ ਮੇਲ)- ਭਾਜਪਾ ਦੇ ਸੀਨੀਅਰ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਉੱਤਰ ਪ੍ਰਦੇਸ਼ ਦੇ ਬਿਜਨੌਰ ਸਥਿਤ ਇੱਕ ਗੁਰਦੁਆਰਾ ਸਾਹਿਬ ਵਿਚ ਹੋਈ ਹਿੰਸਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਇਹ ਘਟਨਾ ‘ਵੀਰ ਬਾਲ ਦਿਵਸ’ ਮੌਕੇ ਵਾਪਰੀ, ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਸੀ।
ਲਾਲਪੁਰਾ ਅਨੁਸਾਰ, ਕੁਝ ਸ਼ਰਾਰਤੀ ਅਤੇ ਫਿਰਕੂ ਅਨਸਰਾਂ ਨੇ ਪ੍ਰੋਗਰਾਮ ਵਿਚ ਵਿਘਨ ਪਾਇਆ ਅਤੇ ਹਮਲਾ ਕਰ ਦਿੱਤਾ, ਜਿਸ ਵਿਚ ਸਥਾਨਕ ਨਿਵਾਸੀ ਰਮਨੀਦੀਪ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਉਸਦੀ ਅੱਖ ਨੂੰ ਵੀ ਨੁਕਸਾਨ ਪਹੁੰਚਿਆ।
ਲਾਲਪੁਰਾ ਨੇ ਇਸ ਘਟਨਾ ਨੂੰ ਧਾਰਮਿਕ ਆਜ਼ਾਦੀ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ। ਲਾਲਪੁਰਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਤੁਰੰਤ ਜਾਂਚ ਰਿਪੋਰਟ ਤਲਬ ਕੀਤੀ ਹੈ।
ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਇਬਾਦਤਗਾਹ ‘ਤੇ ਹਿੰਸਾ ਜਾਂ ਅਸਹਿਣਸ਼ੀਲਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਯਕੀਨੀ ਬਣਾਉਣ ਅਤੇ ਇਲਾਕੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ।
ਲਾਲਪੁਰਾ ਨੇ ਉਮੀਦ ਜਤਾਈ ਕਿ ਸੂਬਾ ਸਰਕਾਰ ਅਤੇ ਕਮਿਸ਼ਨ ਮਿਲ ਕੇ ਪੀੜਤ ਨੂੰ ਇਨਸਾਫ਼ ਦਿਵਾਉਣਗੇ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੁਖ਼ਤਾ ਇੰਤਜ਼ਾਮ ਕਰਨਗੇ।