ਪੰਜਾਬ ‘ਚ ਪਾਰਟੀ ਦੀ ਕਮਾਨ ਹਿੰਦੂ ਚਿਹਰੇ ਅਮਨ ਅਰੋੜਾ ਨੂੰ ਸੌਂਪੀ
ਚੰਡੀਗੜ੍ਹ, 27 ਨਵੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੰਜਾਬ ‘ਚ ਪਾਰਟੀ ਦੇ ਪ੍ਰਧਾਨ ਦੀ ਕਮਾਨ ਲੈ ਕੇ ਹਿੰਦੂ ਚਿਹਰੇ ਅਮਨ ਅਰੋੜਾ ਨੂੰ ਪ੍ਰਧਾਨਗੀ ਸੌਂਪ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਸ ਸਬੰਧੀ ਯੋਜਨਾ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਵੱਲੋਂ ਤਿਆਰ ਕੀਤੀ ਜਾ ਰਹੀ ਸੀ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਜਿਹੇ ਬਦਲਾਅ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਸੀ, ਜੋ ਕਿਸੇ ਕਾਰਨ ਉਸ ਵੇਲੇ ਸਿਰੇ ਨਹੀਂ ਚੜ੍ਹ ਸਕਿਆ ਪਰ ਲੋਕ ਸਭਾ ਚੋਣਾਂ ‘ਚ ਭਾਜਪਾ ਦਾ ਗ੍ਰਾਫ਼ 6 ਫ਼ੀਸਦੀ ਤੋਂ ਵੱਧ ਕੇ 19 ਫ਼ੀਸਦੀ ਤੱਕ ਪਹੁੰਚੇ ਵੱਡੇ ਉਛਾਲ ਨੂੰ ਦੇਖ ਕੇ ‘ਆਪ’ ਨੇ ਮਨ ਬਣਾ ਲਿਆ ਸੀ ਕਿ ਪੰਜਾਬ ‘ਚ ਉਹ ਇਸੇ ਫ਼ਾਰਮੂਲੇ ‘ਤੇ ਕੰਮ ਕਰੇਗੀ।
ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਪੰਜਾਬ ‘ਚ ਵੱਡਾ ਦਾਅ ਖੇਡਦਿਆਂ ਵੱਡੇ ਹਿੰਦੂ ਚਿਹਰੇ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪੀ ਗਈ ਸੀ। ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਭਾਵੇਂ ਇਕ ਵੀ ਸੀਟ ਨਾ ਆਈ ਹੋਵੇ ਪਰ ਵੋਟ ਬੈਂਕ ਵਿਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਅਤੇ ਵੋਟ ਸ਼ੇਅਰ ਭਾਜਪਾ ਦੀ ਉਮੀਦ ਤੋਂ ਵੀ ਕਿਤੇ ਜ਼ਿਆਦਾ ਮਿਲਿਆ। ਵਧੇ ਵੋਟ ਸ਼ੇਅਰ ਮਗਰੋਂ ਪਾਰਟੀ ਦਾ ਹੌਸਲਾ ਹੋਰ ਵਧਿਆ ਅਤੇ ਉਨ੍ਹਾਂ ਹਿੰਦੂ ਵੋਟ ਬੈਂਕ ਦੇ ਨਾਲ ਨਾਲ ਸਿੱਖ ਵੋਟ ਸਬੰਧੀ ਬਣਾਈ ਰਣਨੀਤੀ ਤਹਿਤ ਚੋਣਾਂ ਮਗਰੋਂ ਪੰਜਾਬ ਦੇ ਸਿੱਖ ਚਿਹਰੇ ਰਵਨੀਤ ਸਿੰਘ ਬਿੱਟੂ ਨੂੰ ਹਾਰਨ ਦੇ ਬਾਵਜੂਦ ਵੀ ਕੇਂਦਰੀ ਮੰਤਰੀ ਮੰਡਲ ‘ਚ ਸ਼ਾਮਲ ਕੀਤਾ ਅਤੇ ਮਹੱਤਵਪੂਰਨ ਰੇਲ ਮੰਤਰਾਲਾ ਤੱਕ ਸੌਂਪ ਦਿੱਤਾ।
ਜੇਕਰ ਇਸ ਤੋਂ ਪਹਿਲਾਂ 2017 ਦੇ ਸਿਆਸੀ ਸਮੀਕਰਨ ਉੱਤੇ ਨਜ਼ਰ ਮਾਰੀਏ ਤਾਂ ਉਸ ਦੌਰਾਨ ਵੀ ਕਾਂਗਰਸ ਪਾਰਟੀ ਨੇ ਅਜਿਹੀ ਹੀ ਸਿਆਸੀ ਰਣਨੀਤੀ ਬਣਾਈ ਸੀ, ਜਿਸ ਨੇ ਕਾਂਗਰਸ ਦਾ ਬੇੜਾ ਪਾਰ ਕੀਤਾ ਸੀ। ਕਾਂਗਰਸ ਵੱਲੋਂ ਹਿੰਦੂ ਵੋਟ ਬੈਂਕ ਸਾਧਨ ਲਈ ਬਣਾਈ ਰਣਨੀਤੀ ਕਾਮਯਾਬ ਹੋਈ, ਜੋ ਕੈਪਟਨ ਅਮਰਿੰਦਰ ਸਿੰਘ ਲਈ ਉਨ੍ਹਾਂ ਦੇ ਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਨੇ ਬਣਾਈ ਸੀ।
ਨਤੀਜਿਆਂ ਮਗਰੋਂ ਕਾਂਗਰਸ ਹਾਈਕਮਾਨ ਦਾ ਵੀ ਮੰਨਣਾ ਸੀ ਕਿ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਇਸ ਵਾਰ ਹਿੰਦੂ ਭਾਈਚਾਰੇ ਵਲੋਂ ਭਾਰੀ ਸਮਰਥਨ ਮਿਲਿਆ ਹੈ, ਜਿਸ ਮਗਰੋਂ ਸੁਨੀਲ ਜਾਖੜ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾ ਦਿੱਤਾ ਗਿਆ। ਹਾਲਾਂਕਿ 2022 ਵਿਚ ਵੀ ਕਾਂਗਰਸ ਇਸੇ ਰਣਨੀਤੀ ‘ਤੇ ਕੰਮ ਕਰਨ ਵੱਲ ਵਧੀ ਸੀ ਪਰ ਇਸ ਦੇ ਬਾਵਜੂਦ ਆਪਸੀ ਕਲੇਸ਼ ਕਰਕੇ ਕੈਪਟਨ ਨੂੰ ਅਹੁਦੇ ਤੋਂ ਹਟਾ ਦਿੱਤਾ, ਜਿਸ ਦੇ ਨਤੀਜੇ ਵਜੋਂ ਕਾਂਗਰਸ ਜਿੱਤੀ ਬਾਜ਼ੀ ਵੀ ਹਾਰ ਗਈ। ਹੁਣ ਕਾਂਗਰਸ 2027 ਨੂੰ ਧਿਆਨ ਵਿਚ ਰੱਖਦੇ ਹੋਏ ਫਿਰ ਇਸੇ ਰਣਨੀਤੀ ‘ਤੇ ਵਿਚਾਰ ਕਰ ਰਹੀ ਹੈ ਅਤੇ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲਾਹ ਕੇ ਕਿਸੇ ਹਿੰਦੂ ਚਿਹਰੇ ਨੂੰ ਕਮਾਨ ਸੌਂਪਣ ‘ਤੇ ਫ਼ੈਸਲਾ ਲਗਭਗ ਲੈ ਲਿਆ ਗਿਆ ਦੱਸਿਆ ਜਾ ਰਿਹਾ ਹੈ। ਇਸੇ ਰਣਨੀਤੀ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਆਮ ਆਦਮੀ ਪਾਰਟੀ ਨੇ ਵੀ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਹਿੰਦੂ ਭਾਈਚਾਰੇ ਦੇ ਵੋਟ ਬੈਂਕ ਨੂੰ ਸਾਧਨ ਲਈ ਰਣਨੀਤੀ ਬਣਾਈ ਹੈ, ਜਿਸ ਦੇ ਚੱਲਦੇ ਹੀ ਪੰਜਾਬ ‘ਚ ਪਾਰਟੀ ਦੀ ਕਮਾਨ ਹਿੰਦੂ ਚਿਹਰੇ ਅਮਨ ਅਰੋੜਾ ਨੂੰ ਦਿੱਤੀ ਗਈ ਹੈ ਅਤੇ ਨਾਲ ਹੀ ਸ਼ੈਰੀ ਕਲਸੀ ਨੂੰ ਕਾਰਜਕਾਰੀ ਪ੍ਰਧਾਨ ਲਾਇਆ ਗਿਆ ਹੈ।