#AMERICA

ਭਾਈ ਰੂਪ ਚੰਦ ਦੀ ਬਰਸੀ ਫਰਿਜ਼ਨੋ ਵਿਖੇ ਮਨਾਈ ਗਈ

ਫਰਿਜ਼ਨੋ, 23 ਜੁਲਾਈ (ਪੰਜਾਬ ਮੇਲ)- ਗੁਰਦੁਆਰਾ ਨਾਨਕਸਰ ਕਰਨੀਲੀਆ ਰੋਡ ਫਰਿਜ਼ਨੋ ਵਿਖੇ ਭਾਈ ਰੂਪ ਚੰਦ ਜੀ ਦੀ ਬਰਸੀ, ਪਿੰਡ ਸਮਾਧ ਭਾਈ ਦੀ ਸੰਗਤ ਵੱਲੋਂ ਸ਼ਰਧਾ-ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸਮੂਹ ਪਿੰਡ ਅਤੇ ਇਲਾਕਾ ਨਿਵਾਸੀ ਸੰਗਤ ਵੱਡੀ ਗਿਣਤੀ ਵਿਚ ਪਹੁੰਚੀ ਹੋਈ ਸੀ। ਇਸ ਮੌਕੇ ਗੁਰੂ ਘਰ ਦੇ ਕੀਰਤਨੀਏ ਜਥੇ ਨੇ ਧਾਰਨਾ ਪੜ੍ਹਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਗਤ ਵੱਲੋਂ ਚੱਲ ਰਹੇ ਪਾਠ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਕੜ੍ਹਾਹ ਪ੍ਰਸ਼ਾਦ ਦੀ ਦੇਗ ਵਰਤੀ। ਉਪਰੰਤ ਡਾ. ਮਲਕੀਤ ਸਿੰਘ ਕਿੰਗਰਾ ਅਤੇ ਰਾਜਵਿੰਦਰ ਸਿੰਘ ਧਾਲੀਵਾਲ ਨੇ ਭਾਈ ਰੂਪ ਚੰਦ ਦੇ ਜੀਵਨ ‘ਤੇ ਪੰਛੀ ਝਾਤ ਪਵਾਈ।
ਉਨ੍ਹਾਂ ਕਿਹਾ ਕਿ ਭਾਈ ਰੂਪ ਚੰਦ ਜੀ ਨੇ ਛੇਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਗੁਰੂ ਸਹਿਬਾਨਾਂ ਦੀ ਸੇਵਾ ਕੀਤੀ ਤੇ ਭਾਈ ਦੀ ਉਪਾਧੀ ਵੀ ਉਨ੍ਹਾਂ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਮਿਲੀ। ਉਨ੍ਹਾਂ ਦੱਸਿਆ ਕਿ ਗੁਰੂ ਹਰਗੋਬਿੰਦ ਸਹਿਬ ਨੇ ਭਾਈ ਸਾਹਿਬ ਦੇ ਨਾਮ ‘ਤੇ ਮਾਲਵੇ ਦਾ ਨਗਰ ਭਾਈ ਰੂਪਾ ਵਸਾਇਆ, ਜਿੱਥੇ ਅੱਜ ਵੀ ਉਨ੍ਹਾਂ ਦੇ ਵੰਸ਼ ਕੋਲ ਗੁਰੂ ਸਾਹਿਬ ਦੀ ਨਿਸ਼ਾਨੀ ਰੱਥ ਦੇ ਰੂਪ ਵਿਚ ਸਾਂਭੀ ਹੋਈ ਹੈ। ਉਨ੍ਹਾਂ ਕਿਹਾ ਕਿ ਸਮਾਧ ਭਾਈ ਵਿਖੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ, ਉਪਰੰਤ ਭਾਈ ਸਾਹਿਬ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਸਮਾਧ ਉੱਤੇ ਅੱਜ ਤੋਂ 301 ਸਾਲ ਪਹਿਲਾ ਪਿੰਡ ਸਮਾਧ ਭਾਈ ਵਸਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਨੇ ਪੰਜਾਬ ਵਾਲੇ ਸ. ਸੁਖਦੇਵ ਸਿੰਘ ਅਤੇ ਇੰਡੀਆ ਸਵੀਟ ਐਂਡ ਸਪਾਈਸ ਵਾਲੇ ਜਸਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਇਹ ਬਰਸੀ ਹਰ ਸਾਲ ਮਨਾਇਆ ਕਰਾਂਗੇ ਅਤੇ ਹਰ ਸੰਭਵ ਮਦਦ ਵੀ ਕਰਾਂਗੇ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।