#PUNJAB

ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮਜ਼ਦਗੀ ਕਾਗਜ਼ ਸਹੀ ਪਾਏ ਜਾਣ ‘ਤੇ ਖਡੂਰ ਸਾਹਿਬ ‘ਚ ਮੁਕਾਬਲਾ ਹੋਇਆ ਰੌਚਕ

ਭਾਈ ਅੰਮ੍ਰਿਤਪਾਲ ਸਿੰਘ ਦੇ ਨਾਂ ਅਤੇ ਮੁਹਾਂਦਰੇ ਦਾ ਵਿਅਕਤੀ ਵੀ ਮੈਦਾਨ ‘ਚ
ਤਰਨ ਤਾਰਨ, 16 ਮਈ (ਪੰਜਾਬ ਮੇਲ)- ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਐੱਨ.ਐੱਸ.ਏ. ਅਧੀਨ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮਜ਼ਦਗੀ ਪੱਤਰ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਸਹੀ ਪਾਏ ਗਏ ਹਨ ਅਤੇ ਉਹ ਹੁਣ ਪੂਰੀ ਤਰ੍ਹਾਂ ਮੈਦਾਨ ਵਿਚ ਚੋਣ ਲੜਨ ਲਈ ਤਿਆਰ ਹਨ। ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਵਿਚੋਂ ਹੀ ਚੋਣ ਲੜਨਗੇ ਅਤੇ ਉਨ੍ਹਾਂ ਦਾ ਚੋਣ ਪ੍ਰਚਾਰ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਅਤੇ ਮਾਤਾ ਤੋਂ ਇਲਾਵਾ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੀ ਬੀਬੀ ਪਰਮਜੀਤ ਕੌਰ ਖਾਲੜਾ ਕਰ ਰਹੇ ਹਨ, ਜਦਕਿ ਇਹ ਦੇਖਣ ਵਿਚ ਆਇਆ ਹੈ ਕਿ ਖਡੂਰ ਸਾਹਿਬ ਹਲਕੇ ਨਾਲ ਸੰਬੰਧਿਤ 9 ਵਿਧਾਨ ਸਭਾ ਹਲਕਿਆਂ ਪੱਟੀ, ਤਰਨ ਤਾਰਨ, ਖੇਮਕਰਨ, ਖਡੂਰ ਸਾਹਿਬ, ਜੰਡਿਆਲਾ ਗੁਰੂ, ਬਾਬਾ ਬਕਾਲਾ, ਜ਼ੀਰਾ ਅਤੇ ਸੁਲਤਾਨਪੁਰ ਲੋਧੀ ਵਿਚ ਲੋਕ ਖ਼ਾਸ ਕਰਕੇ ਨੌਜਵਾਨ ਵਰਗ ਆਪਮੁਹਾਰੇ ਹੋ ਕੇ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਭਖਾ ਰਿਹਾ ਹੈ। ਇਥੋਂ ਤੱਕ ਕਿ ਇਨ੍ਹਾਂ ਹਲਕਿਆਂ ਵਿਚੋਂ ਵਿਦੇਸ਼ਾਂ ਵਿਚ ਪੜ੍ਹਨ ਗਏ ਨੌਜਵਾਨ ਅਤੇ ਉਥੇ ਰਹਿੰਦੇ ਵਿਦੇਸ਼ੀਆਂ ਵੱਲੋਂ ਆਪਣੇ ਇਥੇ ਰਹਿੰਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਫ਼ੋਨ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪਿੰਡਾਂ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਪਾਰਟੀਬਾਜ਼ੀ ਤੋਂ ਉਠ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਪ੍ਰਚਾਰ ਕਰਦੇ ਦੇਖੇ ਜਾ ਰਹੇ ਹਨ, ਜਿਸ ਕਾਰਨ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਸਮੇਤ ਹੋਰ ਸਿਆਸੀ ਦਲ ਨੂੰ ਇਹ ਡਰ ਸਤਾ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਵੋਟ ਬੈਂਕ ਨੂੰ ਕਿੰਨਾ ਖੋਰਾ ਲਗਾਵੇਗਾ।
ਭਾਈ ਅੰਮ੍ਰਿਤਪਾਲ ਸਿੰਘ ਦੀ ਵਧ ਰਹੀ ਹਰਮਨਪਿਆਰਤਾ ਨੂੰ ਰੋਕਣ ਲਈ ਵੀ ਵਿਰੋਧੀ ਪਾਰਟੀਆਂ ਕਈ ਤਰ੍ਹਾਂ ਦੇ ਹੱਥਕੰਡੇ ਅਪਨਾਉਣ ਤੋਂ ਵੀ ਪਿੱਛੇ ਨਹੀਂ ਹਟ ਰਹੀਆਂ। ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਬੋਲਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਇਥੋਂ ਤੱਕ ਕਿ ਭਾਈ ਅੰਮ੍ਰਿਤਪਾਲ ਸਿੰਘ ਵਾਂਗ ਦਸਤਾਰ ਸਜਾਉਣ ਵਾਲੇ ਇਕ ਵਿਅਕਤੀ, ਜਿਸ ਦਾ ਨਾਂ ਵੀ ਅੰਮ੍ਰਿਤਪਾਲ ਸਿੰਘ ਹੈ, ਉਹ ਵੀ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਚੋਣ ਮੈਦਾਨ ਵਿਚ ਹੈ। ਉਸ ਅੰਮ੍ਰਿਤਪਾਲ ਸਿੰਘ ਨਾਂ ਦੇ ਵਿਅਕਤੀ ਦੇ ਪਿਤਾ ਦਾ ਨਾਂ ਅਵਤਾਰ ਸਿੰਘ ਅਤੇ ਉਸ ਦਾ ਪਿੰਡ ਦੀਨਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਹੈ।
ਇਸ ਭੁਲੇਖਾ-ਪਾਊ ਨਾਂ ਵਾਲੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਵਾਂਗ ਦਸਤਾਰ ਸਜਾਉਣ ਵਾਲੇ ਵਿਅਕਤੀ ਬਾਰੇ ਵੀ ਲੋਕਾਂ ਵਿਚ ਸਿੱਧੀਆਂ ਚਰਚਾਵਾਂ ਚੱਲ ਰਹੀਆਂ ਹਨ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਂ ਤੇ ਹੁਲੀਏ ਵਾਲਾ ਵਿਅਕਤੀ ਭੁਲੇਖਾ ਪਾਉਣ ਲਈ ਉਤਾਰਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਮਾਨ ਤੋਂ ਇਲਾਵਾ ਹੋਰ ਕਈ ਸਿੱਖ ਜਥੇਬੰਦੀਆਂ ਤੋਂ ਇਲਾਵਾ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਦਾ ਐਲਾਨ ਕੀਤਾ ਜਾ ਚੁੱਕਾ ਹੈ। ਕੁੱਲ ਮਿਲਾ ਕੇ ਆਉਣ ਵਾਲੇ ਦਿਨਾਂ ਵਿਚ ਖਡੂਰ ਸਾਹਿਬ ਵਿਚ ਚੋਣ ਦੰਗਲ ਹੋਰ ਰੌਚਕ ਹੋਣ ਵਾਲਾ ਹੋਵੇਗਾ। ਵਰਣਨਯੋਗ ਹੈ ਕਿ ਸਿਮਰਨਜੀਤ ਸਿੰਘ ਤਰਨ ਤਾਰਨ ਹਲਕੇ ਤੋਂ 1989 ਵਿਚ ਜੇਲ੍ਹ ਵਿਚੋਂ ਹੀ ਚੋਣ ਲੜੇ ਸਨ ਅਤੇ 4 ਲੱਖ 80 ਹਜ਼ਾਰ 417 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੇ ਸਨ, ਜਦਕਿ ਕਾਂਗਰਸ ਸਮੇਤ ਬਾਕੀ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸਨ।