#PUNJAB

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾਅ ਨਾ ਕਰਨ ਦਾ ਮਾਮਲਾ ਅਮਰੀਕਾ ਦੇ ਰਾਜਸੀ ਗਲਿਆਰਾ ‘ਚ ਪਹੁੰਚਿਆ

ਅੰਮ੍ਰਿਤਸਰ, 11 ਜੂਨ (ਕੁਲਜੀਤ ਸਿੰਘ/ਪੰਜਾਬ ਮੇਲ)- ਖਡੂਰ ਸਾਹਿਬ ਹਲਕੇ ਤੋਂ ਭਾਰੀ ਵੋਟਾਂ ਨਾਲ ਜਿੱਤ ਹਾਸਲ ਕਰਨ ਦੇ ਬਾਵਜੂਦ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਰਿਹਾਅ ਨਾ ਕਰਨ ਦਾ ਮਾਮਲਾ ਅਮਰੀਕਾ ਦੇ ਰਾਜਸੀ ਗਲਿਆਰਿਆਂ ‘ਚ ਵੀਂ ਗੂੰਜ ਰਿਹਾ ਹੈ।
ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡਿਬਰੂਗੜ ਜੇਲ੍ਹ ਵਿਚ ਨਜ਼ਰਬੰਦ ਅਤੇ ਖਡੂਰ ਸਾਹਿਬ ਤੋਂ ਐੱਮ.ਪੀ. ਚੁਣੇ ਗਏ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਮਾਤਾ-ਪਿਤਾ ਬੀਬੀ ਬਲਵਿੰਦਰ ਕੌਰ ਤੇ ਸ. ਤਰਸੇਮ ਸਿੰਘ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਚਾਚਾ ਸੁਖਚੈਨ ਸਿੰਘ ਨੇ ਦੱਸਿਆ ਕਿ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਵੱਲੋਂ ਮਿਲ ਕੇ ਉੱਥੋਂ ਦੇ ਨਾਮਵਰ ਵਕੀਲ ਸ. ਜਸਪ੍ਰੀਤ ਸਿੰਘ ਅਟਾਰਨੀ ਐਂਡ ਲਾਅ ਨੂੰ ਇਹ ਸਾਰਾ ਮਾਮਲਾ ਅਮਰੀਕੀ ਸਰਕਾਰ ਅੱਗੇ ਉਠਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਜਿਸ ਤਹਿਤ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੇ ਆਧਾਰ ‘ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ 5 ਜੂਨ ਨੂੰ ਅਮਰੀਕਾ ਦੇ ਉਪ ਰਾਸ਼ਟਰਪਤੀ ਨੂੰ ਪੱਤਰ ਵੀ ਲਿਖਿਆ ਸੀ। ਇਸ ਸਬੰਧ ਵਿਚ, ਉਪ ਰਾਸ਼ਟਰਪਤੀ ਕੈਮਿਲਾ ਹੈਰਿਸ ਦੀ ਚੀਫ਼ ਆਫ਼ ਸਟਾਫ਼ ਸ਼ੀਲਾ ਨਿੱਕਸ ਨੇ ਜਸਪ੍ਰੀਤ ਸਿੰਘ (ਸੁਨੇਹੇ ਦੀ ਇੱਕ ਕਾਪੀ ਨੱਥੀ ਹੈ) ਨੂੰ ਲਿਖਤੀ ਰੂਪ ਵਿਚ ਜਵਾਬ ਦਿੱਤਾ ਹੈ, ਜਿਸ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਏਸ਼ੀਆ-ਪ੍ਰਸ਼ਾਂਤ ਮਾਮਲੇ ਅਤੇ ਹਥਿਆਰ ਕੰਟਰੋਲ ਲਈ ਵਿਸ਼ੇਸ਼ ਸਲਾਹਕਾਰ ਸ਼੍ਰੀ ਸਿਧਾਰਥ ਅਈਅਰ ਵੱਲੋਂ ਉਪ ਰਾਸ਼ਟਰਪਤੀ ਨਾਲ ਮੀਟਿੰਗ ਵਿਚ ਸ਼ਾਮਲ ਹੋਣ ਲਈ ਜਸਪ੍ਰੀਤ ਸਿੰਘ ਨੂੰ ਇੱਕ ਸੱਦਾ ਪ੍ਰਾਪਤ ਹੋਇਆ ਹੈ।
ਇਸ ਤੋਂ ਪਹਿਲਾਂ ਵੀ ਜਸਪ੍ਰੀਤ ਸਿੰਘ ਨਿਊਜਰਸੀ ਵਿਚ ਜਿਨ੍ਹਾਂ ਸੈਨੇਟਰਾਂ ਨੂੰ ਭਾਈ ਸਾਬ ਤੇ ਸਾਥੀ ਸਿੰਘਾਂ ਦੀ ਰਿਹਾਈ ਲਈ ਮਿਲ ਚੁੱਕੇ ਹਨ, ਉਨ੍ਹਾਂ ‘ਚ ਸੈਨੇਟਰ ਬੁਕਰ ਇਵੈਂਟ, ਕਾਂਗਰਸਮੈਨ ਰੌਬ ਮੇਨੇਡੇਜ਼, ਸੈਨੇਟਰ ਜੈਕੀ ਰੋਜ਼ਨ ਅਤੇ ਕਾਂਗਰਸਮੈਨ ਰੂਬੇਨ ਗੈਲੇਗੋ ਸ਼ਾਮਿਲ ਹਨ। ਵਾਈਸ ਪ੍ਰੈਜ਼ੀਡੈਂਟ ਨਾਲ ਮੀਟਿੰਗ ਵਾਲੇ ਦਿਨ ਜਸਪ੍ਰੀਤ ਸਿੰਘ ਅਟਾਰਨੀ ਹੋਰ ਦਸ ਸੈਨੇਟਰ/ਕਾਂਗਰਸਮੈਨਜ਼ ਨਾਲ ਵੀ ਮੁਲਾਕਾਤ ਕਰਨਗੇ।