#CANADA

ਭਾਈਚਾਰੇ ਨੂੰ ਇਕਮੁੱਠ ਹੋਣ ਦਾ ਸੁਨੇਹਾ ਦੇ ਗਿਆ ਪਰਮਿੰਦਰ ਸਵੈਚ ਦਾ ਨਾਟਕ ‘ਜੰਨਤ’

ਸਰੀ, 18 ਅਕਤੂਬਰ (ਪੰਜਾਬ ਮੇਲ) – ਬਹੁਪੱਖੀ ਲੇਖਿਕਾ ਪਰਮਿੰਦਰ ਸਵੈਚ ਵੱਲੋਂ ਲਿਖਿਆ ਨਾਟਕ ‘ਜੰਨਤ’ ਡਾ. ਜਸਕਰਨ ਦੇ ਨਿਰਦੇਸ਼ਨ ਹੇਠ ਬੀਤੇ ਦਿਨ ਸਰੀ ਆਰਟਸ ਸੈਂਟਰ ਵਿਚ ਖੇਡਿਆ ਗਿਆ। ਕੈਨੇਡਾ ਵਿਚ ਪੰਜਾਬੀਆਂ ਦੇ 100 ਇਤਿਹਾਸ ਨੂੰ ਦਰਸਾਉਂਦਾ ਇਹ ਨਾਟਕ ਇਹ ਸੁਨੇਹਾ ਦੇ ਗਿਆ ਕਿ ਅੱਜ ਵੀ ਪੰਜਾਬੀ ਭਾਈਚਾਰੇ ਨੂੰ ਨਸਲਵਾਦ ਵਿਰੁੱਧ ਇਕਮੁੱਠ ਹੋਣ ਦੀ ਲੋੜ ਹੈ।

ਇਹ ਨਾਟਕ ਵਿਚ ਕੈਨੇਡਾ ਵਿਚਲੇ ਸਵਰਗ ਦਾ ਅਸਲੀ ਰੂਪ ਪੇਸ਼ ਕਰਨ ਦੀ ਕੋਸ਼ਿਸ਼ ਹੈ। ਇਸ ਵਿਚ ਵਿਸ਼ੇਸ਼ ਤੌਰ ‘ਤੇ ਕੈਨੇਡਾ ਵਿਚ ਆ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੌਜੂਦਾ ਹਾਲਤ ਨੂੰ ਦਰਸਾਇਆ ਗਿਆ। ਵਿਦਿਆਰਥੀਆਂ ਵੱਲੋਂ ਪੜ੍ਹਾਈ ਕਰਨ, ਕੰਮਕਾਜ ਲਈ ਸਖਤ ਮਿਹਨਤ ਕਰਨ, ਉਨ੍ਹਾਂ ਦੇ ਹੋ ਰਹੇ ਸੋਸ਼ਣ, ਪਹਿਲਾਂ ਰਹਿ ਰਹੇ ਪੰਜਾਬੀਆਂ ਦਾ ਵਿਦਿਆਰਥੀਆਂ ਪ੍ਰਤੀ ਵਤੀਰਾ ਆਦਿ ਬਹੁਤ ਸਾਰੇ ਮਸਲਿਆਂ ਨੂੰ ਨਾਟਕ ਵਿਚ ਪੇਸ਼ ਕੀਤਾ ਗਿਆ। ਨਾਟਕਕਾਰ ਪਰਮਿੰਦਰ ਸਵੈਚ ਅਨੁਸਾਰ ਇਸ ਨਾਟਕ ਰਾਹੀਂ ਉਨ੍ਹਾਂ ਪੰਜਾਬੀ ਭਾਈਚਾਰੇ ਨੂੰ ਆਪਸੀ ਮੇਲਜੋਲ ਨਾਲ ਰਹਿਣ ਅਤੇ ਇਕ ਦੂਜੇ ਨੂੰ ਸਮਝ ਕੇ ਚੰਗਾ ਪੰਜਾਬੀ ਭਾੲਚਾਰਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਨਾਟਕ ਵਿਚਲੇ ਚੁਸਤ ਅਤੇ ਦਿਲਚਸਪ ਵਾਰਤਾਲਾਪ ਨੇ ਹਾਲ ਵਿਚ ਬੈਠੇ ਸੈਂਕੜੇ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ ਅਤੇ ਦਰਸ਼ਕਾਂ ਨੇ ਭਰਪੂਰ ਤਾੜੀਆਂ ਨਾਲ ਨਾਟਕ ਕਰਮੀਆਂ ਦੀ ਕਲਾ ਨੂੰ ਨਿਵਾਜਿਆ। ਡਾ. ਸਾਧੂ ਸਿੰਘ ਨੇ ਅੰਤ ਵਿਚ ਨਾਟਕ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਨਾਟਕਕਾਰ ਆਪਣਾ ਸੁਨੇਹਾ ਦੇਣ ਵਿਚ ਸਫਲ ਰਹੀ ਹੈ। ਉਨ੍ਹਾਂ ਨਾਟਕ ਦੇ ਨਿਰਦੇਸ਼ਕ ਡਾ. ਜਸਕਰਨ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਨਾਟਕ ਵਿਚ ਅਪਣਾਈ ਨਵੀਂ ਤਕਨੀਕ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਨਾਟਕ ਦੇ ਸਾਰੇ ਕਲਾਕਰਾਂ ਨੇ ਆਪੋ ਆਪਣਾ ਰੋਲ ਬਾਖੂਬੀ ਨਿਭਾਇਆ।