-ਜਗਰਾਜ ਸਿੰਘ ਸਰਾਂ ਦੇ ਪਿੰਗਲਵਾੜਾ ਸੁਸਾਇਟੀ ਲਈ ਸੇਵਾਵਾਂ ਦੇ 20 ਸਾਲ ਹੋਣ ‘ਤੇ ਵਧਾਈ
ਲੰਡਨ, 30 ਜੂਨ (ਮਨਦੀਪ ਖੁਰਮੀ ਹਿੰਮਤਪੁਰਾ/ਪੰਜਾਬ ਮੇਲ)- ਪਿੰਗਲਵਾੜਾ ਸੰਸਥਾ ਦੇ ਬਾਨੀ ਤੇ ਮਾਨਵਤਾ ਦੇ ਦਰਦੀ ਭਗਤ ਪੂਰਨ ਸਿੰਘ ਜੀ ਦਾ 121ਵਾਂ ਜਨਮ ਦਿਨ ਯੂ.ਕੇ. ਦੀ ਪਾਰਲੀਮੈਂਟ ਵਿਚ ਇੱਕ ਪ੍ਰਦਰਸ਼ਨੀ ਲਗਾ ਕੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਪਿੰਗਲਵਾੜਾ ਸੁਸਾਇਟੀ ਯੂ.ਕੇ. ਦੇ ਪ੍ਰਧਾਨ ਜਗਰਾਜ ਸਿੰਘ ਸਰਾਂ (ਬੀ.ਈ.ਐੱਮ.) ਦੀ ਅਗਵਾਈ ਵਿਚ ਸੁਸਾਇਟੀ ਦੇ ਸੱਦੇ ‘ਤੇ ਵੱਖ-ਵੱਖ ਗੁਰੂਘਰਾਂ ਦੇ ਸੇਵਾਦਾਰਾਂ ਅਤੇ ਹੋਰ ਵੱਖ-ਵੱਖ ਪ੍ਰਮੁੱਖ ਸ਼ਖਸੀਅਤਾਂ ਨੇ ਹਿੱਸਾ ਲਿਆ। ਮੈਂਬਰ ਪਾਰਲੀਮੈਂਟ ਸੀਮਾ ਮਲਹੋਤਰਾ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਤੇ ਸਟੇਜ ਦੀ ਜ਼ਿੰਮੇਵਾਰੀ ਟੋਨੀ ਪੈਟੀ ਨਾਮੀ ਰੇਡੀਓ ਪਰਜ਼ੈਂਟਰ ਨੇ ਨਿਭਾਈ।
ਜਗਰਾਜ ਸਿੰਘ ਸਰਾਂ ਨੇ ਭਗਤ ਪੂਰਨ ਸਿੰਘ ਜੀ ਨੂੰ ਦੁਨੀਆਂ ਦਾ ਮਹਾਨ ਇਨਸਾਨ ਅਤੇ ਦੁੱਖਾਂ ਨਾਲ ਜੂਝਦੀ ਮਨੁੱਖਤਾ ਦਾ ਮਸੀਹਾ ਅਤੇ ਕੁਦਰਤ ਦਾ ਮਹਾਨ ਪ੍ਰੇਮੀ ਕਿਹਾ ਅਤੇ ਇਹੀ ਸੁਨੇਹਾ ਸਾਰੇ ਮਹਿਮਾਨਾਂ ਨੂੰ ਆਪੋ-ਆਪਣੀਆਂ ਸੰਸਥਾਵਾਂ ਤੱਕ ਲੈ ਕੇ ਜਾਣ ਦੀ ਪ੍ਰੇਰਨਾ ਕੀਤੀ। ਪਾਰਲੀਮੈਂਟ ਵਿਚ ਲਗਾਈ ਪ੍ਰਦਰਸ਼ਨੀ ਵਿਚ ਭਗਤ ਜੀ ਦੀਆਂ ਪੁਰਾਣੀਆਂ ਤਸਵੀਰਾਂ ਲਗਾ ਕੇ ਅਤੇ ਪਿੰਗਲਵਾੜੇ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਹੋਇਆ। ਸਾਰੇ ਮਹਿਮਾਨਾਂ ਨੇ ਸੁਸਾਇਟੀ ਦੇ ਮਨੁੱਖਤਾ ਦੇ ਭਲੇ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਡਾ: ਬੀਬੀ ਇੰਦਰਜੀਤ ਕੌਰ ਦੀ ਅਗਵਾਈ ਵਿਚ ਪਿੰਗਲਵਾੜੇ ਦੀਆਂ ਪ੍ਰਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ।
ਸਾਰੇ ਹੀ ਮਹਿਮਾਨਾਂ ਨੇ ਭਗਤ ਪੂਰਨ ਸਿੰਘ ਜੀ ਨੂੰ ਨੋਬਲ ਪ੍ਰਾਈਜ਼ ਦਾ ਦਾਅਵੇਦਾਰ ਮੰਨਿਆ। ਸੁਸਾਇਟੀ ਦੇ ਸਹਾਇਕ ਪ੍ਰਧਾਨ ਸੁਖਦੇਵ ਸਿੰਘ ਸੰਧਾਵਾਲੀਆ, ਜਨਰਲ ਸਕੱਤਰ ਕੁਲਵਿਦਰ ਕੌਰ, ਤੇਜਿੰਦਰ ਕੌਰ ਬੱਬੂ, ਮਨਜੀਤ ਸਿੰਘ ਰਾਏ, ਸੇਵਾਦਾਰ ਮਨਜੀਤ ਸਿੰਘ, ਕਸ਼ਮੀਰ ਕੌਰ, ਸੁਖਪ੍ਰੀਤ ਕੌਰ ਸ਼ਾਮਲ ਸਨ। ਇਸ ਤੋਂ ਇਲਾਵਾ ਯੂ.ਕੇ. ਦੇ ਗੁਰੂਘਰਾਂ ਸਾਊਥਾਲ ਸਿੰਘ ਸਭਾ, ਐਲਸ ਵੇਅ ਹੰਸਲੋ, ਮਾਰਨਿਡੇਲ ਸਾਊਥਾਲ ਗੁਰੂਘਰ, ਸੂਹੀ ਵੇਅ ਸਲੋਅ, ਗ੍ਰੇਵਜ਼ੈਂਡ, ਈਲੰਗ ਗੁਰੂ ਘਰਾਂ ਦੇ ਸੇਵਾਦਾਰਾਂ ਨੇ ਸ਼ਿਰਕਤ ਕੀਤੀ। ਸਾਹਿਤਕਾਰ ਕੁਲਵੰਤ ਕੌਰ ਢਿੱਲੋਂ, ਸਮਾਜਸੇਵੀ ਸਿਵਦੀਪ ਕੌਰ ਢੇਸੀ, ਹਰਬਖਸ ਸਿੰਘ, ਪੀ.ਬੀ.ਸੀ. ਚੈੱਨਲ ਤੋਂ ਸਨਦੀਪ ਸਿੰਘ ਅਤੇ ਇੰਦਰਜੀਤ ਕੌਰ ਅਤੇ ਮਾਤਾ ਜੀ ਸਵਰਨਜੀਤ ਕੌਰ ਜੌਹਲ ਵੀ ਸ਼ਾਮਲ ਸਨ। ਲਾਰਡ ਕੁਲਦੀਪ ਸਿੰਘ ਸਹੋਤਾ ਅਤੇ ਮਿਡਲੈਂਡ ਦੇ ਐੱਮ. ਪੀਜ਼ ਨੇ ਹਿੱਸਾ ਲਿਆ। ਜਗਰਾਜ ਸਿੰਘ ਸਰਾਂ ਨੇ ਮਨੁੱਖਤਾ ਦੀ ਸੇਵਾ ਕਰ ਰਹੀ ਪਿੰਗਲਵਾੜਾ ਸੰਸਥਾ ਲਈ ਇਸ ਸਾਲ 20 ਸਾਲ ਪੂਰੇ ਕਰਨ ‘ਤੇ ਸਾਰੇ ਮਹਿਮਾਨਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
ਭਗਤ ਪੂਰਨ ਸਿੰਘ ਜੀ ਦਾ 121ਵਾਂ ਜਨਮ ਦਿਨ ਯੂ.ਕੇ. ਦੀ ਪਾਰਲੀਮੈਂਟ ‘ਚ ਪ੍ਰਦਰਸ਼ਨੀ ਲਗਾ ਕੇ ਮਨਾਇਆ
