ਚੰਡੀਗੜ੍ਹ, 29 ਜਨਵਰੀ (ਪੰਜਾਬ ਮੇਲ)- ਸ਼ਹਿਰ ਦੇ 26 ਸਕੂਲਾਂ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਮਗਰੋਂ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਹੰਗਾਮੀ ਹਾਲਾਤ ਬਣੇ ਰਹੇ। ਧਮਕੀਆਂ ਮਿਲਣ ਮਗਰੋਂ ਸਿੱਖਿਆ ਵਿਭਾਗ ਨੇ ਇਹ ਸਕੂਲ ਖਾਲੀ ਕਰਵਾ ਲਏ। ਇਹਤਿਆਤ ਵਜੋਂ ਨਾਲ ਦੇ ਸਕੂਲ ਵੀ ਖਾਲੀ ਕਰਵਾ ਲਏ ਗਏ। ਇਸ ਦੌਰਾਨ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ। ਇਸ ਦੌਰਾਨ ਕਈ ਸਕੂਲਾਂ ਨੇ ਛੁੱਟੀ ਕਰ ਕੇ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਪਰ ਸਿੱਖਿਆ ਵਿਭਾਗ ਦੇ ਹੁਕਮਾਂ ਤੋਂ ਬਾਅਦ ਜ਼ਿਆਦਾਤਰ ਸਕੂਲਾਂ ਨੇ ਪੜ੍ਹਾਈ ਜਾਰੀ ਰੱਖੀ। ਇਸ ਦੌਰਾਨ ਵੱਡੀ ਗਿਣਤੀ ਮਾਪੇ ਸਕੂਲਾਂ ਵਿੱਚ ਪਹੁੰਚ ਗਏ ਤੇ ਛੁੱਟੀ ਦੀ ਮੰਗ ਕਰਨ ਲੱਗੇ। ਇਸ ਮੌਕੇ ਚੰਡੀਗੜ੍ਹ ਪੁਲੀਸ ਦੀਆਂ ਟੀਮਾਂ ਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਸੂਹੀਆ ਕੁੱਤਿਆਂ ਦੀ ਮਦਦ ਨਾਲ ਸਕੂਲਾਂ ਦੀ ਜਾਂਚ ਕੀਤੀ ਪਰ ਕੁਝ ਸ਼ੱਕੀ ਨਹੀਂ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ 30 ਦੇ ਕਰੀਬ ਸਕੂਲਾਂ ਨੂੰ ਸਵੇਰ ਵੇਲੇ ਈ-ਮੇਲਾਂ ਮਿਲੀਆਂ ਕਿ ਸਕੂਲਾਂ ਨੂੰ 1.11 ਵਜੇ ਉਡਾ ਦਿੱਤਾ ਜਾਵੇਗਾ। ਇਹ ਧਮਕੀ ਸਰਕਾਰੀ ਸਕੂਲ ਸੈਕਟਰ-16, 19, 22, 35 ਤੇ 47 ਵਿੱਚ ਆਈ। ਇਸ ਤੋਂ ਇਲਾਵਾ ਕੇ ਬੀ ਡੀ ਏ ਵੀ ਸਕੂਲ ਸੈਕਟਰ-7, ਸੇਕਰਡ ਹਾਰਟ ਸਕੂਲ ਸੈਕਟਰ-26, ਸੇਂਟ ਜੌਹਨਜ਼ ਸਕੂਲ ਸੈਕਟਰ-26, ਸਟਰਾਅਬੇਰੀ ਫੀਲਡਜ਼, ਭਵਨ ਵਿਦਿਆਲਿਆ ਸੈਕਟਰ-27, ਸੌਪਿਨਜ਼ ਸਕੂਲ ਸੈਕਟਰ-32, ਐੱਸ ਡੀ ਸਕੂਲ ਸੈਕਟਰ-32, ਟੈਂਡਰ ਹਾਰਟ ਸਕੂਲ ਸੈਕਟਰ-33, ਵਿਵੇਕ ਹਾਈ ਸਕੂਲ ਸੈਕਟਰ-38, ਦਿੱਲੀ ਪਬਲਿਕ ਸਕੂਲ ਸੈਕਟਰ-40, ਅਜੀਤ ਕਰਮ ਸਿੰਘ ਸਕੂਲ ਸੈਕਟਰ-41, ਸੇਂਟ ਜ਼ੇਵੀਅਰ ਸਕੂਲ ਸੈਕਟਰ-44, ਸੇਂਟ ਸਟੀਫਨ ਸਕੂਲ ਸੈਕਟਰ-45, ਆਸ਼ਿਆਨਾ ਸਕੂਲ ਸੈਕਟਰ-46, ਰਿਆਨ ਇੰਟਰਨੈਸ਼ਨਲ ਸਕੂਲ ਸੈਕਟਰ-49 ਵਿੱਚ ਵੀ ਧਮਕੀ ਵਾਲੀ ਈ-ਮੇਲ ਆਈ। ਇਸ ਈ-ਮੇਲ ਵਿੱਚ ਚੰਡੀਗੜ੍ਹ ਨੂੰ ਖਾਲਿਸਤਾਨ ਦਾ ਹਿੱਸਾ ਦੱਸ ਕੇ ਪ੍ਰਧਾਨ ਮੰਤਰੀ ਦੇ ਪਹਿਲੀ ਫਰਵਰੀ ਦੇ ਪੰਜਾਬ ਦੌਰੇ ਬਾਰੇ ਵੀ ਧਮਕੀ ਦਿੱਤੀ ਗਈ। ਕਈ ਸਕੂਲਾਂ ਨੇ ਆਪਣੀਆਂ ਬੱਸਾਂ ਰਸਤੇ ’ਚੋਂ ਹੀ ਵਾਪਸ ਮੋੜ ਦਿੱਤੀਆਂ। ਚੰਡੀਗੜ੍ਹ ਦੀ ਐੱਸ ਐੱਸ ਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਧਮਕੀ ਮਿਲਣ ਮਗਰੋਂ ਸਾਰੇ ਸਕੂਲਾਂ ਵਿੱਚ ਟੀਮਾਂ ਭੇਜੀਆਂ ਗਈਆਂ ਤੇ ਡੂੰਘਾਈ ਨਾਲ ਜਾਂਚ ਕਰਵਾਈ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਸੈਕਟਰ-17 ਵਿੱਚ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਸਾਈਬਰ ਟੀਮਾਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਹ ਈ-ਮੇਲ ਕਿਸ ਨੇ ਭੇਜੀ ਹੈ। ਉਨ੍ਹਾਂ ਦੱਸਿਆ ਕਿ 29 ਜਨਵਰੀ ਤੋਂ ਸਾਰੇ ਸਕੂਲਾਂ ਦੇ ਬਾਹਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ।
ਗੁਰੂਗ੍ਰਾਮ ਵਿੱਚ 26 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਗੁਰੂਗ੍ਰਾਮ: ਗੁਰੂਗ੍ਰਾਮ ਦੇ 26 ਪ੍ਰਮੁੱਖ ਸਕੂਲਾਂ ਨੂੰ ਅੱਜ ਈ-ਮੇਲ ਰਾਹੀਂ ਭੇਜੀ ਗਈ ਬੰਬ ਦੀ ਧਮਕੀ ਸਿਰਫ਼ ਇਕ ਅਫ਼ਵਾਹ ਪਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਘੰਟਿਆਂ ਤੱਕ ਚੱਲੀ ਤਲਾਸ਼ੀ ਮੁਹਿੰਮ ਤੋਂ ਬਾਅਦ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ। ਪੁਲੀਸ ਨੇ ਇਸ ਸਬੰਧੀ ਐੱਫ ਆਈ ਆਰ ਦਰਜ ਕਰ ਲਈ ਹੈ ਅਤੇ ਉਸ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੇ ਇਹ ਧਮਕੀ ਭਰੀਆਂ ਈ-ਮੇਲਾਂ ਭੇਜੀਆਂ ਸਨ।

