-65 ਸਾਲਾ ਜੱਜ ਵੱਲੋਂ ਰਾਸ਼ਟਰਪਤੀ ਸ਼ਹਾਬੂਦੀਨ ਨਾਲ ਸਲਾਹ ਮਸ਼ਵਰੇ ਮਗਰੋਂ ਸੌਂਪਿਆ ਜਾਵੇਗਾ ਅਸਤੀਫ਼ਾ
ਢਾਕਾ, 10 ਅਗਸਤ (ਪੰਜਾਬ ਮੇਲ)- ਬੰਗਲਾਦੇਸ਼ ਵਿੱਚ ਹਾਲ ਹੀ ਵਿੱਚ ਹੋਏ ਤਖ਼ਤਾ ਪਲਟ ਤੋਂ ਬਾਅਦ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਓਬੈਦੁਲ ਹਸਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅੱਜ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਬੰਗਲਾਦੇਸ਼ ਸੁਪਰੀਮ ਕੋਰਟ ਦਾ ਘਿਰਾਓ ਕੀਤਾ ਅਤੇ ਓਬੈਦੁਲ ਹਸਨ ਨੂੰ ਅਸਤੀਫਾ ਦੇਣ ਲਈ ਇਕ ਘੰਟੇ ਦਾ ਸਮਾਂ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਓਬੈਦੁਲ ਹਸਨ ਨੇ ਨਵੀਂ ਬਣੀ ਅੰਤਰਿਮ ਸਰਕਾਰ ਨਾਲ ਸਲਾਹ ਕੀਤੇ ਬਿਨਾਂ ਅੱਜ ਸਾਰੇ ਜੱਜਾਂ ਦੀ ਬੈਠਕ ਬੁਲਾਈ ਸੀ।
ਪ੍ਰਦਰਸ਼ਨਕਾਰੀਆਂ ਨੇ ਇਸ ਹਰਕਤ ਦਾ ਵਿਰੋਧ ਕੀਤਾ ਅਤੇ ਚੀਫ ਜਸਟਿਸ ਦੇ ਅਸਤੀਫੇ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਅਦਾਲਤ ਦੇ ਜੱਜ ਇੱਕ ਸਾਜ਼ਿਸ਼ ਦਾ ਹਿੱਸਾ ਹਨ। ਧਰਨੇ ਦੀ ਤੀਬਰਤਾ ਨੂੰ ਦੇਖਦੇ ਹੋਏ ਮੀਟਿੰਗ ਰੱਦ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਓਬੈਦੁਲ ਹਸਨ ਨੂੰ ਪਿਛਲੇ ਸਾਲ ਬੰਗਲਾਦੇਸ਼ ਸੁਪਰੀਮ ਕੋਰਟ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਵਫ਼ਾਦਾਰ ਮੰਨਿਆ ਜਾਂਦਾ ਸੀ ਅਤੇ ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਅਦਾਲਤ ਦੀ ਆਜ਼ਾਦੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।