#OTHERS

ਬੰਗਲਾਦੇਸ਼ ਵੱਲੋਂ ਹਸੀਨਾ ਖ਼ਿਲਾਫ਼ ਕੌਮਾਂਤਰੀ ਅਪਰਾਧ ਅਦਾਲਤ ‘ਚ ਮੁਕੱਦਮਾ ਚਲਾਉਣ ਦੀ ਮੰਗ

ਢਾਕਾ, 29 ਨਵੰਬਰ (ਪੰਜਾਬ ਮੇਲ)- ਬੰਗਲਾਦੇਸ਼ ਨੇ ਅਹੁਦੇ ਤੋਂ ਹਟਾਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖ਼ਿਲਾਫ਼ ਕੌਮਾਂਤਰੀ ਅਪਰਾਧ ਅਦਾਲਤ ‘ਚ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ, ਜਦਕਿ ਉਨ੍ਹਾਂ ਨੂੰ ਮਨੁੱਖਤਾ ਖ਼ਿਲਾਫ਼ ਅਪਰਾਧ ਦੇ ਦੋਸ਼ ਹੇਠ ਘਰੇਲੂ ਟ੍ਰਿਬਿਊਨਲ ‘ਚ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ ਸੀ। ਇਹ ਜਾਣਕਾਰੀ ਅੱਜ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨੁਸ ਦੇ ਦਫ਼ਤਰ ਨੇ ਦਿੱਤੀ। ਮੁੱਖ ਸਲਾਹਕਾਰ ਦੇ ਪ੍ਰੈੱਸ ਵਿੰਗ ਦੇ ਅਧਿਕਾਰੀ ਨੇ ਕਿਹਾ, ‘ਮੁੱਖ ਸਲਾਹਕਾਰ ਯੂਨੁਸ ਨੇ ਕੌਮਾਂਤਰੀ ਅਪਰਾਧ ਅਦਾਲਤ (ਆਈ.ਸੀ.ਸੀ.) ਦੇ ਵਕੀਲ ਕਰੀਮ ਏ ਖਾਨ ਨਾਲ ਮੁਲਾਕਾਤ ਕਰਕੇ ਹਸੀਨਾ ਦੇ ਮੁਕੱਦਮੇ ਦੇ ਮੁੱਦੇ ‘ਤੇ ਚਰਚਾ ਕੀਤੀ।’ ਉਨ੍ਹਾਂ ਕਿਹਾ ਕਿ ਯੂਨੁਸ ਨੇ ਬੀਤੇ ਦਿਨ ਖਾਨ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਖਿਲਾਫ਼ ਪਿਛਲੇ 15 ਸਾਲਾਂ ਦੌਰਾਨ ਲੋਕਾਂ ਨੂੰ ਗਾਇਬ ਕਰਨ ਦੇ ਦੋਸ਼ਾਂ ਨੂੰ ਅੱਗੇ ਵਧਾਉਣ ਦਾ ਇਰਾਦਾ ਰਖਦੀ ਹੈ।