#OTHERS

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਭਾਰਤ ਸਮੇਤ 5 ਦੇਸ਼ਾਂ ਤੋਂ ਰਾਜਦੂਤ ਵਾਪਸ ਬੁਲਾਏ

ਢਾਕਾ, 3 ਅਕਤੂਬਰ (ਪੰਜਾਬ ਮੇਲ)- ਬੰਗਲਾਦੇਸ਼ ਵਿਚ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਇੱਕ ਵੱਡੇ ਕੂਟਨੀਤਕ ਫੇਰਬਦਲ ਵਿਚ ਵਿਦੇਸ਼ਾਂ ਵਿਚ ਤਾਇਨਾਤ ਆਪਣੇ ਪੰਜ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ। ਇਸ ਵਿਚ ਭਾਰਤ ਵਿਚ ਤਾਇਨਾਤ ਉਸ ਦੇ ਹਾਈ ਕਮਿਸ਼ਨਰ ਮੁਸਤਫਿਜ਼ੁਰ ਰਹਿਮਾਨ ਵੀ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਬ੍ਰਸੇਲਜ਼ (ਬੈਲਜੀਅਮ), ਕੈਨਬਰਾ (ਆਸਟ੍ਰੇਲੀਆ), ਲਿਸਬਨ (ਪੁਰਤਗਾਲ), ਨਵੀਂ ਦਿੱਲੀ ਅਤੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੇ ਸਥਾਈ ਮਿਸ਼ਨ ਵਿਚ ਤਾਇਨਾਤ ਰਾਜਦੂਤ ਇਸ ਵਿਚ ਸ਼ਾਮਲ ਹਨ ਅਤੇ ਸਾਰਿਆਂ ਨੂੰ ਤੁਰੰਤ ਰਾਜਧਾਨੀ ਢਾਕਾ ਵਾਪਸ ਪਰਤਣ ਦਾ ਹੁਕਮ ਦਿੱਤਾ ਗਿਆ ਹੈ।
ਇਹ ਕਦਮ ਬੰਗਲਾਦੇਸ਼ ਵਿਚ ਰਾਸ਼ਟਰੀ ਚੋਣਾਂ ਤੋਂ ਪਹਿਲਾਂ ਚੁੱਕਿਆ ਗਿਆ ਹੈ। ਹਾਲਾਂਕਿ ਵਾਪਸ ਬੁਲਾਏ ਜਾਣ ਦਾ ਕਾਰਨ ਸਪੱਸ਼ਟ ਨਹੀਂ ਹੈ, ਪਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅੰਤਰਿਮ ਸਰਕਾਰ ਦਾ ਇਹ ਕਦਮ ਸੰਕਟਗ੍ਰਸਤ ਦੇਸ਼ ਦੀਆਂ ਕੂਟਨੀਤਕ ਤਰਜੀਹਾਂ ਨੂੰ ਮੁੜ ਤੋਂ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੋ ਸਕਦਾ ਹੈ। ਰਹਿਮਾਨ 2020 ਤੋਂ ਭਾਰਤ ਵਿਚ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਵਜੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ਨੇ ਦੋਵਾਂ ਗੁਆਂਢੀ ਦੇਸ਼ਾਂ ਦਰਮਿਆਨ ਨਜ਼ਦੀਕੀ ਸਹਿਯੋਗ ਲਈ ਮਹੱਤਵਪੂਰਨ ਭੂਮਿਕਾ ਨਿਭਾਈ, ਖਾਸ ਕਰਕੇ ਵਪਾਰ, ਸੰਪਰਕ ਅਤੇ ਖੇਤਰੀ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ। ਉਨ੍ਹਾਂ ਨੂੰ ਵਾਪਸ ਬੁਲਾਉਣ ਦਾ ਕਾਰਨ ਬੰਗਲਾਦੇਸ਼ ਅਤੇ ਭਾਰਤ ਦੇ ਸਬੰਧਾਂ ਦੇ ਨਾਜ਼ੁਕ ਦੌਰ ਨੂੰ ਵੀ ਮੰਨਿਆ ਜਾ ਰਿਹਾ ਹੈ।
ਇਹ ਕਦਮ ਅਜਿਹੇ ਸਮੇਂ ‘ਚ ਚੁੱਕਿਆ ਗਿਆ ਹੈ, ਜਦੋਂ ਦੱਖਣੀ ਏਸ਼ੀਆਈ ਦੇਸ਼ ‘ਚ ਕਈ ਬਦਲਾਅ ਹੋਏ ਹਨ। ਵਿਰੋਧ ਪ੍ਰਦਰਸ਼ਨਾਂ ਕਾਰਨ ਸ਼ੇਖ ਹਸੀਨਾ ਨੂੰ ਅਸਤੀਫਾ ਦੇ ਕੇ ਭਾਰਤ ਭੱਜਣਾ ਪਿਆ, ਜਿਸ ਤੋਂ ਬਾਅਦ ਮੁਹੰਮਦ ਯੂਨਸ ਨੇ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਹਸੀਨਾ ਨੂੰ ਹਟਾਉਣ ਲਈ ਦੇਸ਼ ਭਰ ਵਿਚ ਹਿੰਸਕ ਪ੍ਰਦਰਸ਼ਨ ਹੋਏ। ਵਿਦਿਆਰਥੀ ਦੀ ਅਗਵਾਈ ਵਾਲੇ ਅੰਦੋਲਨ ਦੌਰਾਨ 700 ਤੋਂ ਵੱਧ ਲੋਕ ਮਾਰੇ ਗਏ ਸਨ। ਹਸੀਨਾ ਦੇ ਅਹੁਦਾ ਛੱਡਣ ਤੋਂ ਬਾਅਦ 5 ਅਗਸਤ ਨੂੰ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਦੇ ਡਿੱਗਣ ਤੋਂ ਬਾਅਦ ਦੇਸ਼ ਵਿਚ ਹਿੰਦੂਆਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ‘ਤੇ ਹਮਲਿਆਂ ਦੀਆਂ ਖ਼ਬਰਾਂ ਹਨ, ਬੰਗਲਾਦੇਸ਼ ਵਿਚ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ‘ਤੇ ਘੱਟੋ-ਘੱਟ 205 ਹਮਲੇ ਹੋਏ ਹਨ।