#OTHERS

ਬੰਗਲਾਦੇਸ਼ ‘ਚ ਹਿੰਸਕ ਪ੍ਰਦਰਸ਼ਨਾਂ ਦੇ ਚੱਲਦਿਆਂ ਲਗਭਗ 1000 ਭਾਰਤੀ ਵਿਦਿਆਰਥੀ ਵਤਨ ਪਰਤੇ

ਢਾਕਾ, 20 ਜੁਲਾਈ (ਪੰਜਾਬ ਮੇਲ)- ਬੰਗਲਾਦੇਸ਼ ‘ਚ ਹਿੰਸਕ ਪ੍ਰਦਰਸ਼ਨਾਂ ਦੇ ਚਲਦਿਆਂ ਲਗਭਗ 1000 ਭਾਰਤੀ ਵਿਦਿਆਰਥੀ ਭਾਰਤ ਪਰਤ ਆਏ ਹਨ। ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਹਵਾਬਾਜ਼ੀ, ਇਮੀਗ੍ਰੇਸ਼ਨ, ਬੰਦਰਗਾਹਾਂ ਅਤੇ ਬੀ.ਐੱਸ.ਐੱਫ. ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ, ਤਾਂ ਜੋ ਭਾਰਤੀ ਨਾਗਰਿਕ ਸੁਰੱਖਿਅਤ ਘਰ ਪਹੁੰਚ ਸਕਣ। ਜਾਣਕਾਰੀ ਅਨੁਸਾਰ ਲਗਭਗ 778 ਭਾਰਤੀ ਵਿਦਿਆਰਥੀ ਵੱਖ-ਵੱਖ ਬੰਦਰਗਾਹਾਂ ਰਾਹੀਂ ਭਾਰਤ ਪਰਤੇ ਹਨ, ਜਦੋਂਕਿ 200 ਦੇ ਕਰੀਬ ਵਿਦਿਆਰਥੀ ਢਾਕਾ ਅਤੇ ਚਟਗਾਂਵ ਹਵਾਈ ਅੱਡਿਆਂ ਤੋਂ ਨਿਯਮਿਤ ਉਡਾਣ ਸੇਵਾਵਾਂ ਰਾਹੀਂ ਘਰ ਪਰਤ ਆਏ ਹਨ। ਢਾਕਾ ਵਿਚ ਭਾਰਤੀ ਹਾਈ ਕਮਿਸ਼ਨ ਅਤੇ ਚਟਗਾਂਵ, ਰਾਜਸ਼ਾਹੀ, ਸਿਲਹਟ ਅਤੇ ਖੁਲਨਾ ਵਿਚ ਸਹਾਇਕ ਹਾਈ ਕਮਿਸ਼ਨ ਵੱਲੋਂ ਭਾਰਤੀ ਨਾਗਰਿਕਾਂ ਦੀ ਵਤਨ ਵਾਪਸੀ ਵਿਚ ਸਹਾਇਤਾ ਕੀਤੀ ਜਾ ਰਹੀ ਹੈ।