#OTHERS

ਬੰਗਲਾਦੇਸ਼ ‘ਚ ਹਿੰਸਕ ਅੰਦੋਲਨ ਦੇ ਚੱਲਦਿਆਂ ਪੂਰੇ ਦੇਸ਼ ‘ਚ ਕਰਫਿਊ ਲਾਗੂ; ਇੰਟਰਨੈੱਟ ਸੇਵਾਵਾਂ ਵੀ ਬੰਦ

ਢਾਕਾ (ਬੰਗਲਾਦੇਸ਼), 20 ਜੁਲਾਈ (ਪੰਜਾਬ ਮੇਲ)- ਬੰਗਲਾਦੇਸ਼ ਵਿਚ ਸਰਕਾਰੀ ਨੌਕਰੀਆਂ ਵਿਚ ਕੋਟੇ ਨੂੰ ਲੈ ਕੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਦੇਖਦਿਆਂ ਪੂਰੇ ਦੇਸ਼ ਵਿਚ ਕਰਫਿਊ ਲਾਗੂ ਕਰਦਿਆਂ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਸਕੂਲਾਂ ਅਤੇ ਕਾਲਜਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵੀਰਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਢਾਕਾ ਵਿਚ ਸਰਕਾਰੀ ਟੈਲੀਵਿਜ਼ਨ ਹੈੱਡਕੁਆਰਟਰ ‘ਤੇ ਹਮਲਾ ਕੀਤਾ ਸੀ ਅਤੇ ਪੁਲਿਸ ਬੂਥਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਸਰਕਾਰ ਨੇ ਫੌਜ ਵੀ ਸੱਦ ਲਈ ਹੈ ਅਤੇ ਉਹ ਥਾਂ-ਥਾਂ ‘ਤੇ ਗਸ਼ਤ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾ ਰਹੀ ਹੈ।
ਵਾਸ਼ਿੰਗਟਨ ਪੋਸਟ ਨੇ ਬੰਗਲਾਦੇਸ਼ੀ ਮੀਡੀਆ ਦਾ ਹਵਾਲਾ ਦਿੰਦੇ ਹੋਏ, ਸੁਰੱਖਿਆ ਬਲਾਂ ਵੱਲੋਂ ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲੇ ਦਾਗ਼ਣ ਦਾ ਦਾਅਵਾ ਕੀਤਾ ਹੈ। ਕਈ ਇਲਾਕਿਆਂ ਵਿਚ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਦੌਰਾਨ ਕਈ ਪ੍ਰਮੁੱਖ ਬੰਗਲਾਦੇਸ਼ੀ ਅਖਬਾਰਾਂ ਦੀਆਂ ਵੈੱਬਸਾਈਟਾਂ ਵੀਰਵਾਰ ਤੋਂ ਅਪਡੇਟ ਨਹੀਂ ਕੀਤੀਆਂ ਗਈਆਂ ਹਨ ਜਾਂ ਪੂਰੀ ਤਰ੍ਹਾਂ ਪਹੁੰਚ ਤੋਂ ਬਾਹਰ ਹਨ। ਇਸ ਦੇ ਨਾਲ ਹੀ ਟੀ.ਵੀ. ਚੈੱਨਲਾਂ ਨੇ ਵੀ ਪ੍ਰਸਾਰਣ ਬੰਦ ਕਰ ਦਿੱਤਾ ਹੈ।