-ਗੈਰ-ਕਾਨੂੰਨੀ ਪ੍ਰਵਾਸ ਖ਼ਿਲਾਫ਼ ਲਿਆਉਣਗੇ ਕਾਨੂੰਨ
– ਸੰਸਦ ‘ਚ ਜਲਦ ਹੋ ਸਕਦੈ ਪੇਸ਼
ਲੰਡਨ, 6 ਮਾਰਚ (ਪੰਜਾਬ ਮੇਲ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਪ੍ਰਵਾਸੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬ੍ਰਿਟੇਨ ਆਉਣ ਤੋਂ ਰੋਕਣ ਲਈ ਪ੍ਰਸਤਾਵਿਤ ਨਵੇਂ ਕਾਨੂੰਨ ਦੇ ਨਾਲ ਗੈਰ-ਕਾਨੂੰਨੀ ਇਮੀਗ੍ਰੇਸ਼ਨ ‘ਤੇ ਕਾਰਵਾਈ ਕਰਨ ਦਾ ਐਲਾਨ ਕੀਤਾ। ਗੈਰ-ਕਾਨੂੰਨੀ ਪ੍ਰਵਾਸੀ ਖ਼ਤਰਨਾਕ ਛੋਟੀਆਂ ਕਿਸ਼ਤੀਆਂ ‘ਚ ਬ੍ਰਿਟੇਨ ਪਹੁੰਚਣ ਲਈ ਇੰਗਲਿਸ਼ ਚੈਨਲ ਪਾਰ ਕਰਦੇ ਹਨ। ਭਾਰਤੀ ਮੂਲ ਦੇ ਬ੍ਰਿਟਿਸ਼ ਨੇਤਾ ਨੇ ਗੁਆਂਢੀ ਦੇਸ਼ ਫਰਾਂਸ ਅਤੇ ਬ੍ਰਿਟੇਨ ਦੀ ਸਮੁੰਦਰੀ ਸਰਹੱਦ ਵਿਚਕਾਰ ਗੈਰ-ਕਾਨੂੰਨੀ ਰਸਤਿਆਂ ‘ਤੇ ਰੋਕ ਲਗਾਉਣ ਨੂੰ ਇਸ ਸਾਲ ਆਪਣੀਆਂ ਪ੍ਰਮੁੱਖ ਤਰਜੀਹਾਂ ‘ਚ ਸ਼ਾਮਲ ਕੀਤਾ ਹੈ। ਸੁਨਕ ਦੀ ਅਗਵਾਈ ਵਾਲੀ ਸਰਕਾਰ ਅਤੇ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਹੁਣ ਇਸ ਮੁੱਦੇ ਨੂੰ ਹੱਲ ਕਰਨ ਲਈ ਅਗਲੇ ਹਫ਼ਤੇ ਸੰਸਦ ਵਿਚ ਇਕ ਬਿੱਲ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।
ਸੁਨਕ ਨੇ ਕਿਹਾ, ”ਕੋਈ ਗਲਤੀ ਨਾ ਕਰੋ, ਜੇਕਰ ਤੁਸੀਂ ਗੈਰ-ਕਾਨੂੰਨੀ ਤੌਰ ‘ਤੇ ਇੱਥੇ ਆਉਂਦੇ ਹੋ, ਤਾਂ ਤੁਸੀਂ ਇੱਥੇ ਨਹੀਂ ਰਹਿ ਸਕਦੇ।” ਬ੍ਰੇਵਰਮੈਨ ਨੇ ਕਿਹਾ, ”ਜੇ ਤੁਸੀਂ ਇੱਥੇ ਗੈਰ-ਕਾਨੂੰਨੀ ਤੌਰ ‘ਤੇ ਆਉਂਦੇ ਹੋ, ਤਾਂ ਤੁਹਾਨੂੰ ਹਿਰਾਸਤ ਵਿਚ ਲੈ ਲਿਆ ਜਾਵੇਗਾ ਅਤੇ ਤੁਹਾਨੂੰ ਜਲਦੀ ਤੋਂ ਜਲਦੀ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਸਾਡੇ ਕਾਨੂੰਨ ਆਪਣੇ ਇਰਾਦੇ ਅਤੇ ਲਾਗੂ ਕਰਨ ਵਿਚ ਸਰਲ ਹੋਣਗੇ ਤੇ ਬਰਤਾਨੀਆ ਵਿਚ ਆਉਣ ਦਾ ਸਿਰਫ਼ ਇਕ ਸੁਰੱਖਿਅਤ ਰਸਤਾ ਹੋਵੇਗਾ, ਜੋ ਕਾਨੂੰਨੀ ਰਸਤਾ ਹੈ।”
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵੱਲੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ‘ਤੇ ਕਾਰਵਾਈ ਕਰਨ ਦਾ ਐਲਾਨ
