#EUROPE

ਬ੍ਰਿਟੇਨ ‘ਚ ਵਿਰੋਧੀ ਧਿਰ ਦਾ ਨੇਤਾ ਬਣਨ ਦੀ ਦੌੜ; ਪ੍ਰੀਤੀ ਪਟੇਲ ਵੱਲੋਂ ਦਾਅਵੇਦਾਰੀ ਪੇਸ਼

ਲੰਡਨ, 29 ਜੁਲਾਈ (ਪੰਜਾਬ ਮੇਲ)- ਬ੍ਰਿਟੇਨ ‘ਚ ਹਾਲ ਹੀ ‘ਚ ਹੋਈਆਂ ਆਮ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਦੀ ਹਾਰ ਤੋਂ ਬਾਅਦ ਲੇਬਰ ਪਾਰਟੀ ਨੇ ਸਰਕਾਰ ਬਣਾ ਲਈ ਹੈ। ਇਸ ਨਾਲ ਹੁਣ ਕੰਜ਼ਰਵੇਟਿਵ ਪਾਰਟੀ ਲਈ ਹਾਊਸ ਆਫ ਕਾਮਨਜ਼ ਵਿਚ ਵਿਰੋਧੀ ਧਿਰ ਦਾ ਨੇਤਾ ਬਣਨ ਦੀ ਦੌੜ ਸ਼ੁਰੂ ਹੋ ਗਈ ਹੈ। ਹੁਣ ਸਾਬਕਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੀ ਇਸ ਦੌੜ ਵਿਚ ਉਮੀਦਵਾਰਾਂ ਵਿਚ ਸ਼ਾਮਲ ਹੋ ਗਈ ਹੈ।
ਕੰਜ਼ਰਵੇਟਿਵ ਪਾਰਟੀ ਦੇ ਵਿਰੋਧੀ ਧਿਰ ਦੇ ਨਵੇਂ ਨੇਤਾ ਦੀ ਚੋਣ ਲਈ ਦੋ ਪੜਾਵਾਂ ਵਿਚ ਵੋਟਿੰਗ ਹੋਣੀ ਹੈ। ਵੋਟਿੰਗ ਦੇ ਨਤੀਜੇ 2 ਨਵੰਬਰ ਨੂੰ ਸਾਹਮਣੇ ਆਉਣਗੇ। ਉਦੋਂ ਤੱਕ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇਸ ਅਹੁਦੇ ‘ਤੇ ਬਣੇ ਰਹਿਣਗੇ। ਭਾਰਤੀ ਮੂਲ ਦੀ ਨੇਤਾ ਪ੍ਰੀਤੀ ਪਟੇਲ ਦੌੜ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਉਮੀਦਵਾਰ ਹੈ। ਆਪਣੀ ਉਮੀਦਵਾਰੀ ਦਾ ਐਲਾਨ ਕਰਦੇ ਹੋਏ, ਪਟੇਲ ਨੇ ਪਾਰਟੀ ਨੂੰ ਇਕਜੁੱਟ ਕਰਨ ਅਤੇ ਕੰਜ਼ਰਵੇਟਿਵ ਪਾਰਟੀ ਨੂੰ ਆਪਣੀ ਅਗਵਾਈ ਹੇਠ ਇਕ ਵਾਰ ਫਿਰ ਤੋਂ ਚੋਣ ਜਿੱਤਣ ਵਾਲੀ ਮਸ਼ੀਨ ਵਿਚ ਬਦਲਣ ਦਾ ਵਾਅਦਾ ਕੀਤਾ।
ਬ੍ਰਿਟਿਸ਼-ਭਾਰਤੀ ਨੇਤਾ ਸੁਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਇਤਿਹਾਸਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੁਨਕ ਅਤੇ ਪਟੇਲ ਤੋਂ ਇਲਾਵਾ ਸਾਬਕਾ ਮੰਤਰੀ ਜੇਮਸ ਕਲੇਵਰਲੇ, ਟੌਮ ਟੂਗੇਨਹਾਟ, ਮੇਲ ਸਟ੍ਰਾਈਡ ਅਤੇ ਰਾਬਰਟ ਜੇਨਰਿਕ ਦੇ ਵੀ ਵਿਰੋਧੀ ਧਿਰ ਦੇ ਨੇਤਾ ਦੀ ਦੌੜ ਵਿਚ ਸ਼ਾਮਲ ਹੋਣ ਦੀ ਉਮੀਦ ਹੈ।