#EUROPE

ਬ੍ਰਿਟੇਨ ਚੋਣਾਂ ‘ਚ ਪਹਿਲੀ ਵਾਰ 4.7 ਕਰੋੜ ਲੋਕ ਫੋਟੋ I.D. ਨਾਲ ਪਾਉਣਗੇ ਵੋਟ

-ਛੇ ਮਹੀਨਿਆਂ ਤੋਂ ਰਹਿ ਰਹੇ ਸਾਰੇ ਭਾਰਤੀ ਪਾ ਸਕਣਗੇ ਵੋਟ
ਲੰਡਨ, 27 ਮਈ (ਪੰਜਾਬ ਮੇਲ)- ਬ੍ਰਿਟੇਨ ਵਿਚ ਜਲਦ ਹੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਾਰ ਬ੍ਰਿਟੇਨ ਵਿਚ ਪਹਿਲੀ ਵਾਰ 4 ਕਰੋੜ 70 ਲੱਖ ਵੋਟਰ ਫੋਟੋ ਆਈ.ਡੀ. ਨਾਲ ਵੋਟ ਪਾਉਣਗੇ। 4 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਵੋਟਰਾਂ ਨੂੰ ਕਿਹਾ ਗਿਆ ਹੈ ਕਿ ਉਹ 22 ਫੋਟੋ ਆਈ.ਡੀ. ਵਿਚੋਂ ਕਿਸੇ ਦੀ ਵੀ ਵਰਤੋਂ ਕਰ ਸਕਦੇ ਹਨ। ਬ੍ਰਿਟੇਨ ਕੋਲ ਭਾਰਤ ਵਾਂਗ ਹੁਣ ਤੱਕ ਵੱਖਰਾ ਫੋਟੋ ਵੋਟਰ ਆਈ.ਡੀ. ਕਾਰਡ ਨਹੀਂ ਹੈ।
ਸੁਨਕ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿਚ ਨਵੇਂ ਚੋਣ ਕਾਨੂੰਨ ਪਾਸ ਕੀਤੇ ਸਨ। ਅਗਲੇ ਸਾਲ ਜਨਵਰੀ ਵਿਚ ਪ੍ਰਸਤਾਵਿਤ ਚੋਣਾਂ ਲਈ ਵੋਟਰ ਆਈ.ਡੀ. ਬਣਾਈ ਜਾਣੀ ਸੀ ਪਰ ਪ੍ਰਧਾਨ ਮੰਤਰੀ ਸੁਨਕ ਨੇ ਸਮੇਂ ਤੋਂ ਪਹਿਲਾਂ 22 ਮਈ ਨੂੰ ਚੋਣਾਂ ਹੋਣ ਦਾ ਐਲਾਨ ਕਰ ਦਿੱਤਾ। ਅਜਿਹੇ ‘ਚ ਹੁਣ ਸਾਰੇ ਵੋਟਰਾਂ ਲਈ ਵੋਟਰ ਪਛਾਣ ਪੱਤਰ (ਆਈ.ਡੀ.) ਬਣਾਉਣਾ ਸੰਭਵ ਨਹੀਂ ਹੈ। ਇਸ ਸਥਿਤੀ ਵਿਚ ਵੋਟਰਾਂ ਨੂੰ ਕਿਹਾ ਗਿਆ ਹੈ ਕਿ ਉਹ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਦਫ਼ਤਰੀ ਆਈ.ਡੀ. ਵਰਗੀ ਕੋਈ ਹੋਰ ਫੋਟੋ ਆਈ.ਡੀ. ਦਿਖਾ ਕੇ ਆਪਣੀ ਵੋਟ ਪਾ ਸਕਣਗੇ।
ਪਿਛਲੇ ਛੇ ਮਹੀਨਿਆਂ ਤੋਂ ਬ੍ਰਿਟੇਨ ਵਿਚ ਰਹਿ ਰਹੇ ਸਾਰੇ ਭਾਰਤੀ ਵੋਟ ਪਾ ਸਕਣਗੇ। ਇਸ ਵਿਚ ਵਿਦਿਆਰਥੀ ਅਤੇ ਵਰਕ ਵੀਜ਼ਾ ‘ਤੇ ਗਏ ਲੋਕ ਵੀ ਸ਼ਾਮਲ ਹਨ। ਅਜਿਹਾ ਇਸ ਲਈ ਹੈ ਕਿਉਂਕਿ ਭਾਰਤ ਬ੍ਰਿਟਿਸ਼ ਕਾਮਨਵੈਲਥ ਦਾ ਮੈਂਬਰ ਦੇਸ਼ ਰਿਹਾ ਹੈ।